ਸੁਲਤਾਨਪੁਰ ਲੋਧੀ, 1 ਸਤੰਬਰ (ਨਰੇਸ਼ ਹੈਪੀ)-ਪੰਜਾਬ ਦੇ ਮਾਲ ਤੇ ਕੁਦਰਤੀ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆ ਤੇ ਬਾਗਬਾਨੀ ਵਿਭਾਗ ਦੇ ਮੰਤਰੀ ਮਹਿੰਦਰ ਭਗਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਹੜ੍ਹ ਰੁਕਣ ਪਿੱਛੋਂ ਮੰਡ ਖੇਤਰ ਵਿਚ ਹੜ੍ਹਾਂ ਤੋਂ ਬਚਾਅ ਲਈ ਬੰਨ੍ਹਾਂ ਦੀ ਮਜ਼ਬੂਤੀ ਯਕੀਨੀ ਬਣਾਈ ਜਾਵੇਗੀ | ਅੱਜ ਟਰੈਕਟਰ ਰਾਹੀਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਲੋਕਾਂ ਤੱਕ ਪਹੁੰਚਣ ਮੌਕੇ ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮੰਡ ਖੇਤਰ ਵਿਚ ਬੰਨ੍ਹਾਂ ਦੀ ਲੋੜ ਅਨੁਸਾਰ ਮਜ਼ਬੂਤੀ ਕਰਨ ਬਾਰੇ ਵਿਸਥਾਰਤ ਰਿਪੋਰਟ ਦਿੱਤੀ ਜਾਵੇਗੀ ਤਾਂ ਜੋ ਵਾਰ ਵਾਰ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਨੂੰ ਇਸ ਤੋਂ ਛੁਟਕਾਰਾ ਦਿਵਾਇਆ ਜਾ ਸਕੇ | ਉਨ੍ਹਾਂ ਟਰੈਕਟਰ ਰਾਹੀਂ ਮੰਡ ਇੰਦਰਪੁਰ ਦੇ ਡੇਰਿਆਂ ਵਿਚ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ | ਲੋਕਾਂ ਦੀ ਮੰਗ ਅਨੁਸਾਰ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿਚ ਰਾਸ਼ਨ, ਤਰਪਾਲ਼ਾਂ ਤੇ ਕਿਸ਼ਤੀ ਆਦਿ ਤੁਰੰਤ ਮੁਹੱਈਆ ਕਰਵਾਈ ਜਾਵੇ | ਯੂਸਫਪੁਰ ਦਾਰੇਵਾਲ ਨੇੜੇ ਸੰਪਰਕ ਸੜਕ ਨੂੰ ਬਚਾਉਣ ਲਈ ਲੋਕਾਂ ਵਲੋਂ ਮਿੱਟੀ ਦਾ ਪ੍ਰਬੰਧ ਕਰਨ ਦੀ ਮੰਗ ਅਨੁਸਾਰ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਤੁਰੰਤ ਟਿੱਪਰਾਂ ਰਾਹੀਂ ਮਿੱਟੀ ਪਹੁੰਚਾਉਣ ਦੇ ਹੁਕਮ ਦਿੱਤੇ ਤਾਂ ਜੋ ਸੰਪਰਕ ਸੜਕ ਨੂੰ ਬਚਾਇਆ ਜਾ ਸਕੇ | ਇਸ ਤੋਂ ਇਲਾਵਾ ਲੋਕਾਂ ਦੀ ਸਹਾਇਤਾ ਲਈ ਜੇ.ਸੀ.ਬੀ. ਮਸ਼ੀਨ ਵੀ ਭੇਜਣ ਦੇ ਹੁਕਮ ਦਿੱਤੇ ਗਏ | ਉਨ੍ਹਾਂ ਮੰਡ ਇੰਦਰਪੁਰ, ਯੂਸਫਪੁਰ ਦਾਰੇਵਾਲ ਪਿੰਡ ਜੋ ਕਿ ਫ਼ਿਰੋਜ਼ਪੁਰ, ਕਪੂਰਥਲਾ ਤੇ ਜਲੰਧਰ ਦੀ ਹੱਦ ਉੱਪਰ ਸਥਿਤ ਹਨ, ਵਿਖੇ ਲੋਕਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਦੀ ਵੰਡ ਕੀਤੀ | ਇਸ ਤੋਂ ਪਹਿਲਾਂ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਰਕਟ ਹਾਊਸ ਵਿਖੇ ਮੀਟਿੰਗ ਦੌਰਾਨ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਕਪੂਰਥਲਾ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਐਸ.ਐਸ.ਪੀ. ਗੌਰਵ ਤੂਰਾ, ਜ਼ਿਲ੍ਹਾ ਮੀਡੀਆ ਇੰਚਾਰਜ ਇੰਦਰਜੀਤ ਸਿੰਘ ਜੁਗਨੂੰ, ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ ਆਦਿ ਹਾਜ਼ਰ ਸਨ |
ਪੰਜਾਬ ਸਰਕਾਰ ਮੰਡ ਖੇਤਰ ਵਿਚਲੇ ਬੰਨ੍ਹਾਂ ਦੀ ਮਜ਼ਬੂਤੀ ਯਕੀਨੀ ਬਣਾਏਗੀ-ਮੁੰਡੀਆ, ਭਗਤ <br/>
ਅਜੀਤ ਡੈਸਕ
02-09-2025