ਪਟਿਆਲਾ, 1 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਸੂਬੇ 'ਚ ਆਏ ਹੜ੍ਹਾਂ ਨੇ ਜਿੱਥੇ ਵੱਡੇ ਪੱਧਰ 'ਤੇ ਜਨ ਜੀਵਨ ਪ੍ਰਭਾਵਿਤ ਕੀਤਾ ਉੱਥੇ ਹੀ ਬਿਜਲੀ ਨਿਗਮ ਨੂੰ ਵੀ ਹੜ੍ਹਾਂ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ | ਇਨ੍ਹਾਂ ਦਿਨਾਂ ਵਿਚ ਬਿਜਲੀ ਦੀ ਮੰਗ 12 ਤੋਂ 14 ਹਜਾਰ ਮੈਗਾਵਾਟ ਚੱਲ ਰਹੀ ਹੁੰਦੀ ਹੈ ਪ੍ਰੰਤੂ ਹੜ੍ਹਾਂ ਕਾਰਨ ਅੱਧ ਤੱਕ ਘੱਟ ਕੇ ਹੁਣ ਕੇਵਲ 6 ਹਜ਼ਾਰ ਮੈਗਾਵਾਟ 'ਤੇ ਰਹਿ ਗਈ ਹੈ | ਬਿਜਲੀ ਦੀ ਮੰਗ ਘਟਣ ਕਾਰਨ ਸਰਕਾਰੀ ਥਰਮਲ ਪਲਾਂਟ ਰੋਪੜ ਦੇ 4, ਲਹਿਰਾ ਮੁਹੱਬਤ ਤੇ ਗੋਇੰਦਵਾਲ ਸਾਹਿਬ ਦੇ 2-2 ਤੋਂ ਇਲਾਵਾ ਸਰਕਾਰੀ ਥਰਮਲ ਪਲਾਂਟ ਤਲਵੰਡੀ ਸਾਬੋ ਦਾ ਇਕ ਯੂਨਿਟ ਬੰਦ ਕੀਤਾ ਗਿਆ ਹੈ | ਇਸ ਸਮੇਂ ਸੂਬੇ ਦੀ ਬਿਜਲੀ ਦੀ ਮੰਗ ਨੂੰ ਸਰਕਾਰੀ ਅਤੇ ਨਿੱਜੀ ਥਰਮਲ ਪਲਾਂਟਾਂ ਦੇ ਕੁਲ 15 ਯੂਨਿਟਾਂ ਵਿਚੋਂ ਕੇਵਲ 6 ਯੂਨਿਟ ਹੀ ਪੂਰਾ ਕਰ ਰਹੇ ਹਨ | ਡੈਮਾਂ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਬਿਜਲੀ ਉਤਪਾਦਨ ਲਈ ਡੈਮਾਂ ਦਾ ਭਰਪੂਰ ਸਹਾਰਾ ਲਿਆ ਜਾ ਰਿਹਾ ਹੈ | ਇਸ ਸਮੇਂ ਰਣਜੀਤ ਸਾਗਰ ਡੈਮ ਦੀਆਂ 150 ਮੈਗਾਵਾਟ ਦੀਆਂ 4 ਮਸ਼ੀਨਾਂ ਲਗਾਤਾਰ ਚੱਲ ਰਹੀਆਂ ਹਨ ਜਦੋਂ ਕਿ ਹੋਰਨਾਂ ਹਾਲਾਤਾਂ ਵਿਚ ਇਹ ਕੇਵਲ ਸਵੇਰੇ-ਸ਼ਾਮ ਹੀ ਚੱਲਦੀਆਂ ਹਨ |