ਚੰਡੀਗੜ੍ਹ, 1 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਵਿਚ ਆਏ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਰਾਹਤ ਤੇ ਮੁੜ ਵਸੇਬਾ ਕਾਰਜਾਂ ਨੂੰ ਤੇਜ਼ੀ ਦੇਣ ਲਈ ਵੱਡਾ ਕਦਮ ਚੁੱਕਿਆ ਹੈ | ਪਾਰਟੀ ਵਲੋਂ ਵੱਖ-ਵੱਖ ਜ਼ਿਲਿ੍ਹਆਂ ਲਈ ਸੂਬਾ ਪੱਧਰੀ ਆਗੂਆਂ ਨੂੰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜੋ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਸਹਾਇਤਾ ਕਾਰਜਾਂ ਦੀ ਦੇਖਭਾਲ ਕਰਨਗੇ | ਪਾਰਟੀ ਵਲੋਂ ਜਾਰੀ ਕੀਤੀ ਸੂਚੀ ਅਨੁਸਾਰ ਕਪੂਰਥਲਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ (9876100022) ਨੂੰ ਸੌਂਪੀ ਗਈ ਹੈ ਜਦਕਿ ਤਰਨ ਤਾਰਨ ਦੀ ਜ਼ਿੰਮੇਵਾਰੀ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ (9915455555) ਨੂੰ ਫ਼ਾਜ਼ਿਲਕਾ ਵਿਚ ਸੁਰਜੀਤ ਕੁਮਾਰ ਜਿਆਣੀ (9305300001), ਪਠਾਨਕੋਟ ਵਿਚ ਦਿਨੇਸ਼ ਬੱਬੂ (9815843304), ਫ਼ਿਰੋਜ਼ਪੁਰ ਵਿਚ ਰਾਣਾ ਗੁਰਮੀਤ ਸਿੰਘ ਸੋਢੀ (9818005888), ਅੰਮਿ੍ਤਸਰ ਦਿਹਾਤੀ ਲਈ ਮਨਜੀਤ ਸਿੰਘ ਮੰਨਾ (9872338701) ਤੇ ਗੁਰਦਾਸਪੁਰ ਦੀ ਜ਼ਿੰਮੇਵਾਰੀ ਰਵੀ ਕਰਨ ਸਿੰਘ ਕਾਹਲੋਂ (8190000001) ਨੂੰ ਦਿੱਤੀ ਗਈ ਹੈ | ਇਹ ਸਾਰੇ ਆਗੂ ਨਾ ਸਿਰਫ਼ ਹੜ੍ਹ-ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਬਲਕਿ ਲੋਕਾਂ ਦੀਆਂ ਜ਼ਰੂਰਤਾਂ ਬਾਰੇ ਪਾਰਟੀ ਹਾਈਕਮਾਂਡ ਨੂੰ ਜਾਣਕਾਰੀ ਵੀ ਦੇਣਗੇ ਤਾਂ ਜੋ ਰਾਹਤ ਸਮੱਗਰੀ ਦੀ ਪਹੁੰਚ ਨੂੰ ਜਲਦ ਤੋਂ ਜਲਦ ਯਕੀਨੀ ਬਣਾਈ ਜਾ ਸਕੇ | ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਹ ਹੜ੍ਹ-ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ ਤੇ ਸਾਰੇ ਆਗੂਆਂ ਨੂੰ ਕਿਹਾ ਗਿਆ ਹੈ ਕਿ ਉਹ ਸਰਕਾਰੀ ਏਜੰਸੀਆਂ ਨਾਲ ਸਹਿਯੋਗ ਕਰਕੇ ਰਾਹਤ ਕਾਰਜਾਂ ਨੂੰ ਹੋਰ ਮਜ਼ਬੂਤ ਬਣਾਉਣ |