ਅਮਲੋਹ, 1 ਸਤੰਬਰ (ਹਰਪ੍ਰੀਤ ਸਿੰਘ ਗਿੱਲ)-ਪੰਜਾਬ ਦੇ ਵੱਡੇ ਹਿੱਸੇ 'ਚ ਆਏ ਹੜ੍ਹਾਂ ਨੇ ਖੇਤੀ ਖੇਤਰ ਸਮੇਤ ਹੋਰਨਾਂ ਕੰਮਾਂ-ਕਾਰਾਂ ਦਾ ਇੰਨਾ ਵੱਡਾ ਨੁਕਸਾਨ ਕਰ ਦਿੱਤਾ ਜਿਸਦਾ ਦਰਦ ਪੀੜਤ ਲੋਕਾਂ ਨੂੰ ਸਾਲਾਂ ਤੱਕ ਭੁਗਤਣਾ ਪਵੇਗਾ | ਵਧੀਕ ਮੁੱਖ ਸਕੱਤਰ ਕਮ-ਵਿੱਤ ਸਕੱਤਰ ਮਾਲ ਅਨੁਰਾਗ ਵਰਮਾ ਅਨੁਸਾਰ ਲਗਭਗ 3 ਲੱਖ ਏਕੜ ਜ਼ਮੀਨ ਹੜ੍ਹਾਂ ਦੀ ਮਾਰ ਹੇਠ ਆ ਗਈ ਹੈ ਜਿਸ ਦਾ ਅਗਲੇ ਤਿੰਨ ਦਿਨਾਂ ਲਈ ਜਾਰੀ ਅਲਰਟ ਅਨੁਸਾਰ ਹੋਰ ਵਧਣ ਦਾ ਖ਼ਦਸ਼ਾ ਹੈ | ਜੇ ਸਿਰਫ਼ ਹੁਣ ਤੱਕ ਹੜ੍ਹਾਂ ਦੀ ਮਾਰ 'ਚ ਆਏ ਖੇਤਰ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਖੇਤੀ ਮਾਹਿਰਾਂ ਅਨੁਸਾਰ ਸਾਉਣੀ ਦੀ ਮੁੱਖ ਫ਼ਸਲ ਝੋਨੇ ਦਾ ਹੀ 70 ਤੋਂ 75 ਲੱਖ ਕੁਇੰਟਲ ਤੱਕ ਨੁਕਸਾਨ ਹੋਣਾ ਲਾਜ਼ਮੀ ਹੈ | ਇਸ ਤੋਂ ਬਿਨਾਂ ਹੋਰ ਫ਼ਸਲਾਂ ਜਿਨ੍ਹਾਂ ਵਿਚ ਸਬਜ਼ੀਆਂ, ਪਸ਼ੂਆਂ ਦਾ ਚਾਰਾ, ਬਾਗ਼ ਅਤੇ ਖੁੰਭਾਂ ਦੇ ਪ੍ਰਾਜੈਕਟ ਸ਼ਾਮਿਲ ਹਨ, ਵੀ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ | ਇਸ ਦੇ ਨਾਲ ਹੀ ਖੇਤੀ ਸਹਾਇਕ ਧੰਦੇ ਜਿਨ੍ਹਾਂ ਵਿਚ ਡੇਅਰੀ, ਪੋਲਟਰੀ, ਮੱਛੀ ਪਾਲਣ, ਸੂਰ ਤੇ ਬੱਕਰੀਆਂ ਪਾਲਣ ਦੇ ਧੰਦੇ ਹਨ, ਨੂੰ ਵੀ ਬਹੁਤ ਵੱਡੀ ਮਾਰ ਪਈ ਹੈ | ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਲਜਾਰ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਹੜ੍ਹਾਂ ਦੀ ਮਾਰ ਤੋਂ ਜਿਹੜੇ ਪਸ਼ੂ ਬਚ ਗਏ ਹਨ ਉਨ੍ਹਾਂ ਨੂੰ ਅਗਲੇ ਦਿਨਾਂ ਵਿਚ ਕਈ ਕਿਸਮ ਦੀਆਂ ਬਿਮਾਰੀਆਂ ਜਿਨ੍ਹਾਂ ਵਿਚ ਪੈਰਾਂ ਦਾ ਗਲਣਾ, ਪੇਟ ਦੇ ਰੋਗ ਅਤੇ ਗਲਘੋਟੂ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ | ਡਾ. ਗੁਲਜਾਰ ਨੇ ਦੱਸਿਆ ਕਿ ਹਰੇ ਚਾਰੇ ਤੇ ਖਲ ਫੀਡ ਦੀ ਕਿੱਲਤ ਕਾਰਨ ਪਸ਼ੂਆਂ ਦੀ ਸਿਹਤ ਦਾ ਹੋਰ ਵੀ ਵੱਡਾ ਨੁਕਸਾਨ ਹੁੰਦਾ ਹੈ | ਖੇਤਾਂ ਵਿਚ ਸਿੰਜਾਈ ਲਈ ਲਗਾਏ ਗਏ ਬੋਰਵੈੱਲ ਤੇ ਮੋਟਰਾਂ ਪਾਣੀ ਵਿਚ ਡੁੱਬ ਕੇ ਬੇਕਾਰ ਹੋ ਗਏ ਹਨ | ਬਹੁਤ ਸਾਰੀ ਫਾਰਮ ਮਸ਼ੀਨਰੀ ਜਿਨ੍ਹਾਂ 'ਚ ਟਰੈਕਟਰ, ਹਾਰਵੈਸਟਰ, ਛਿੜਕਾਊ ਮਸ਼ੀਨਾਂ ਪਾਣੀ ਵਿਚ ਡੁੱਬ ਜਾਣ ਕਾਰਨ ਚੱਲਣ ਜੋਗੀਆਂ ਨਹੀਂ ਰਹਿਣਗੀਆਂ | ਇਸੇ ਤਰ੍ਹਾਂ ਬਿਜਲੀ ਦਾ ਵੰਡ ਸਿਸਟਮ ਪੂਰੀ ਤਰ੍ਹਾਂ ਨਾਲ ਤਹਿਸ ਨਹਿਸ ਹੋ ਗਿਆ ਹੈ ਜਿਸ ਕਾਰਨ ਬਹੁਤ ਸਾਰੇ ਪਿੰਡਾਂ ਵਿਚ 25 ਅਗਸਤ ਤੋਂ ਹੀ ਬਿਜਲੀ ਸਪਲਾਈ ਠੱਪ ਹੈ | ਕਿ੍ਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਇੰਚਾਰਜ ਡਾ. ਹਰਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਹੜ੍ਹਾਂ ਦਾ ਪ੍ਰਕੋਪ ਸਿਰਫ਼ ਖੇਤਾਂ 'ਚ ਖੜ੍ਹੀਆਂ ਫ਼ਸਲਾਂ ਦੇ ਨੁਕਸਾਨ ਤੱਕ ਹੀ ਸੀਮਤ ਨਹੀਂ ਸਗੋਂ ਬਹੁਤ ਸਾਰੇ ਖੇਤਰਾਂ ਵਿਚ ਹੜ੍ਹਾਂ ਦਾ ਮਾਰੂ ਅਸਰ ਲੰਮੇ ਸਮੇਂ ਤੱਕ ਚੱਲਦਾ ਰਹੇਗਾ | ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤ ਇਲਾਕਿਆਂ ਵਿਚ ਲੋਕਾਂ ਦੇ ਘਰਾਂ ਵਿਚ ਖਾਣ ਲਈ ਤੇ ਅਗਲੇ ਸਾਲ ਬੀਜ ਲਈ ਰੱਖੀ ਕਣਕ ਤੇ ਕਈ ਹੋਰ ਫ਼ਸਲਾਂ ਦੇ ਬੀਜ ਪਾਣੀ ਵਿਚ ਭਿੱਜਣ ਕਾਰਨ ਬਰਬਾਦ ਹੋ ਗਏ ਹਨ | ਉਨ੍ਹਾਂ ਦੱਸਿਆ ਹੜ੍ਹ ਦੇ ਪਾਣੀ 'ਚ ਗਾਰ ਆਉਣ ਕਾਰਨ ਬਹੁਤ ਸਾਰੇ ਖੇਤਾਂ ਵਿਚ ਅਗਲੀ ਫ਼ਸਲ ਕਣਕ ਦੀ ਬਿਜਾਈ ਨਹੀਂ ਹੋ ਸਕੇਗੀ ਤੇ ਇਸੇ ਤਰ੍ਹਾਂ ਕਈ ਖੇਤਾਂ ਵਿਚ ਰੇਤ ਜਾਂ ਗਾਰ ਭਰਨ ਕਾਰਨ ਉਨ੍ਹਾਂ ਦੀ ਉਪਜਾਊ ਸ਼ਕਤੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਵੇਗੀ, ਜਿਸਦਾ ਅਗਲੇ ਕਈ ਸਾਲਾਂ ਤੱਕ ਫ਼ਸਲਾਂ 'ਤੇ ਅਸਰ ਵੇਖਣ ਨੂੰ ਮਿਲੇਗਾ | ਹੜ੍ਹਾਂ ਦੇ ਨੁਕਸਾਨ ਨੂੰ ਸਿਰਫ਼ ਪੈਸਿਆਂ ਨਾਲ ਨਹੀਂ ਤੋਲਿਆ ਜਾ ਸਕਦਾ, ਕਿਉਂਕਿ ਇਹ ਹੜ੍ਹ ਪੀੜਤਾਂ ਦੇ ਭਵਿੱਖ, ਰੋਜ਼ਗਾਰ ਤੇ ਜ਼ਿੰਦਗੀ ਨਾਲ ਜੁੜਿਆ ਮਾਮਲਾ ਹੈ ਜਿਸ ਕਾਰਨ ਇਸ ਨੁਕਸਾਨ ਦੀ ਭਰਪਾਈ ਲਈ ਸਮੂਹਿਕ ਸਮਾਜਿਕ ਹੰਭਲੇ ਦੀ ਲੋੜ ਹੈ | ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਮੁੱਖ ਆਗੂਆਂ ਬਲਦੇਵ ਸਿੰਘ ਮੀਆਂਪੁਰ ਤੇ ਹਰਿੰਦਰ ਸਿੰਘ ਲੱਖੋਵਾਲ ਨੇ ਅੱਜ ਇਸ ਮਾਮਲੇ ਸਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਜੋ ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨ, ਮਜ਼ਦੂਰ, ਦੁਕਾਨਦਾਰ ਅਤੇ ਹੋਰ ਕਾਰੋਬਾਰੀ ਜਿਨ੍ਹਾਂ ਦਾ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ |
ਹੜ੍ਹਾਂ ਕਾਰਨ ਝੋਨੇ ਦੇ ਹੀ 70 ਤੋਂ 75 ਲੱਖ ਕੁਇੰਟਲ ਤੱਕ ਦੇ ਨੁਕਸਾਨ ਦੀ ਸੰਭਾਵਨਾ <br/>
ਅਜੀਤ ਡੈਸਕ
02-09-2025