ਅੱਜ ਰਾਵੀ, ਚਨਾਬ ਤੇ ਸਤਲੁਜ ਦਾ ਪਾਣੀ ਪੰਚਨਾਦ ਵਿਖੇ ਹੋਵੇਗਾ ਇਕੱਠਾ
<br/>
ਅੰਮਿ੍ਤਸਰ, 4 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨ. ਡੀ. ਐੱਮ. ਏ.) ਵਲੋਂ ਜਾਰੀ ਬਿਆਨ ਦੇ ਅਨੁਸਾਰ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ ਨੇ ਪਾਕਿ ਨੂੰ ਸਤਲੁਜ ਦਰਿਆ ਦੇ ਦੋ ਬਿੰਦੂਆਂ ਤੋਂ ਹੋਰ ਪਾਣੀ ਛੱਡਣ ਬਾਰੇ ਜਾਣਕਾਰੀ ਦਿੱਤੀ ਹੈ | ਉਕਤ ਬਿਆਨ ਮੁਤਾਬਿਕ ਭਾਰਤੀ ਹਾਈ ਕਮਿਸ਼ਨ ਨੇ ਹਰੀਕੇ ਅਤੇ ਫਿਰੋਜ਼ਪੁਰ ਦੇ ਹੇਠਾਂ ਸਤਲੁਜ ਤੋਂ ਪਾਣੀ ਛੱਡਣ ਤੋਂ ਬਾਅਦ ਅੱਜ ਸਵੇਰੇ 8 ਵਜੇ ਪਾਕਿ ਅਧਿਕਾਰੀਆਂ ਨੂੰ ਭਾਰੀ ਹੜ੍ਹ ਚਿਤਾਵਨੀ ਬਾਰੇ ਸੂਚਿਤ ਕੀਤਾ | ਇਸ ਤੋਂ ਪਹਿਲਾਂ ਭਾਰਤੀ ਸਫਾਰਤਖਾਨੇ ਨੇ ਬੁੱਧਵਾਰ ਨੂੰ ਸਤਲੁਜ ਦਰਿਆ 'ਚੋਂ ਪਾਣੀ ਛੱਡਣ ਬਾਰੇ ਪਾਕਿ ਸਰਕਾਰ ਦੇ ਸੰਬੰਧਿਤ ਮੰਤਰਾਲੇ ਨੂੰ ਜਾਣਕਾਰੀ ਦਿੱਤੀ ਸੀ | ਦੂਜੇ ਪਾਸੇ, ਐੱਨ. ਡੀ. ਐੱਮ. ਏ. ਨੇ ਅਗਲੇ 24 ਤੋਂ 48 ਘੰਟਿਆਂ ਦੌਰਾਨ ਪਾਕਿ ਦੇ ਉੱਪਰੀ ਇਲਾਕਿਆਂ ਵਿਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ | ਅਥਾਰਿਟੀ ਨੂੰ ਪਾਕਿ ਦੇ ਜ਼ਿਲ੍ਹਾ ਨਾਰੋਵਾਲ, ਸਿਆਲਕੋਟ, ਗੁਜਰਾਂਵਾਲਾ, ਗੁਜਰਾਤ ਅਤੇ ਲਾਹੌਰ ਵਿਚ ਅਗਲੇ 24 ਘੰਟਿਆਂ 'ਚ ਭਾਰੀ ਮੀਂਹ ਪੈਣ ਦੀ ਉਮੀਦ ਹੈ | ਅਥਾਰਿਟੀ ਮੁਤਾਬਿਕ ਰਾਵੀ, ਚਨਾਬ ਅਤੇ ਸਤਲੁਜ ਦਰਿਆਵਾਂ ਦੀਆਂ ਹੜ੍ਹਾਂ ਦੀਆਂ ਨਦੀਆਂ 5 ਸਤੰਬਰ ਨੂੰ ਪੰਚਨਾਦ ਵਿਖੇ ਮਿਲਣਗੀਆਂ ਅਤੇ ਇਕ ਬਹੁਤ ਜ਼ਿਆਦਾ ਹੜ੍ਹ ਦੀ ਸਥਿਤੀ ਪੈਦਾ ਹੋਣ ਦਾ ਡਰ ਹੈ | ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੈੱਡ ਪੰਚਨਾਦ ਤੋਂ ਸਿੰਧ ਦੇ ਗੁੱਡੂ ਵੱਲ ਇਕ ਵੱਡਾ ਹੜ੍ਹ ਦਾ ਪਾਣੀ ਵਹਿ ਜਾਵੇਗਾ | ਦੱਸਣਯੋਗ ਹੈ ਕਿ ਪੰਚਨਾਦ ਪੰਜ ਪ੍ਰਮੁੱਖ ਦਰਿਆਵਾਂ ਜਿਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ ਦੇ ਸੰਗਮ ਨੂੰ ਦਰਸਾਉਂਦਾ ਹੈ, ਜੋ ਪਾਕਿ ਦੇ ਮਿਠਨਕੋਟ ਨੇੜੇ ਸਿੰਧ ਦਰਿਆ ਵਿਚ ਵਗਦੇ ਹਨ |