ਤਰਨ ਤਾਰਨ, 22 ਸਤੰਬਰ (ਪਰਮਜੀਤ ਜੋਸ਼ੀ)-ਤਰਨ ਤਾਰਨ-ਪੱਟੀ ਰੋਡ 'ਤੇ ਪੈਂਦੇ ਪਿੰਡ ਕੈਰੋਂ ਵਿਖੇ ਦੇਰ ਸ਼ਾਮ ਕਾਰ ਸਵਾਰ ਵਿਅਕਤੀਆਂ ਨੇ ਸਕਾਰਪੀਓ ਸਵਾਰ ਨੌਜਵਾਨਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ | ਜਿਸ ਕਾਰਨ ਸਕਾਰਪੀਓ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਇਕ ਹੋਰ ਨੌਜਵਾਨ ਗੋਲੀਆਂ ਲੱਗਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤਰਨ ਤਾਰਨ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਘਟਨਾ ਵਾਲੀ ਜਗ੍ਹਾ ਤੇ ਗੁਰੂ ਨਾਨਕ ਦੇਵ ਹਸਪਤਾਲ ਤਰਨ ਤਾਰਨ ਵਿਖੇ ਪਹੁੰਚੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ | ਮਿ੍ਤਕ ਨੌਜਵਾਨ ਦੇ ਮਾਤਾ-ਪਿਤਾ ਸ੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨਾਂ ਲਈ ਗਏ ਹੋਏ ਹਨ | ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਸਮਰਬੀਰ ਸਿੰਘ (19) ਪੁੱਤਰ ਸਰਬਜੀਤ ਸਿੰਘ ਵਾਸੀ ਕਰਮੂੰਵਾਲਾ, ਸੌਰਭਦੀਪ ਸਿੰਘ ਵਾਸੀ ਮਰਹਾਣਾ ਤੇ ਇਕ ਹੋਰ ਨੌਜਵਾਨ ਸਕਾਰਪੀਓ ਗੱਡੀ 'ਤੇ ਸਵਾਰ ਸਨ ਤੇ ਪੱਟੀ ਦੀ ਤਰਫ਼ੋਂ ਤਰਨ ਤਾਰਨ ਵਾਲੇ ਪਾਸੇ ਆ ਰਹੇ ਸਨ | ਜਦ ਇਨ੍ਹਾਂ ਦੀ ਗੱਡੀ ਕੈਰੋਂ ਰੇਲਵੇ ਫਾਟਕ ਦੇ ਨਜ਼ਦੀਕ ਪਹੁੰਚੀ ਤਾਂ ਪਿੱਛੇ ਆ ਰਹੇ ਕਾਰ ਸਵਾਰ ਵਿਅਕਤੀਆਂ ਨੇ ਇਨ੍ਹਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ | ਸਕਾਰਪੀਓ ਸਵਾਰ ਸਮਰਬੀਰ ਸਿੰਘ ਤੇ ਸੌਰਭਦੀਪ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਤਰਨ ਤਾਰਨ ਦੇ ਗੁਰੂ ਨਾਨਕ ਹਸਪਤਾਲ ਵਿਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਸਮਰਬੀਰ ਸਿੰਘ ਨੂੰ ਮਿ੍ਤਕ ਕਰਾਰ ਦੇ ਦਿੱਤਾ ਜਦਕਿ ਸੌਰਭਦੀਪ ਸਿੰਘ ਇਲਾਜ ਅਧੀਨ ਹੈ | ਸੋਸ਼ਲ ਮੀਡੀਆ 'ਤੇ ਇਕ ਵਾਇਰਲ ਹੋ ਰਹੀ ਪੋਸਟ ਵਿਚ ਬਿੱਲਾ ਮੰਗਾ ਤੇ ਕੁਝ ਹੋਰਨਾਂ ਵਲੋਂ ਇਸ ਘਟਨਾ ਦੀ ਜਿੰਮੇਵਾਰੀ ਲਈ ਹੈ |