ਅਜਨਾਲਾ, ਗੱਗੋਮਾਹਲ 22 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਅਜਨਾਲਾ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਦੇ ਇਲਾਕੇ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਤਾਰ ਤੋਂ ਪਾਰ ਦੀਆਂ ਜ਼ਮੀਨਾਂ ਰਾਵੀ ਵਿਚੋਂ ਸੁੱਟੀ ਗਈ ਰੇਤ ਕਾਰਨ ਮਾਰੂਥਲ ਬਣ ਕੇ ਰਹਿ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਮੀਨਾਂ ਵਿਚ ਹੜ੍ਹਾਂ ਤੋਂ ਪਹਿਲਾਂ ਝੋਨਾ ਤੇ ਬਾਸਮਤੀ ਦੀ ਬਹੁਤ ਵਧੀਆ ਫ਼ਸਲ ਖੜੀ ਸੀ ਪਰ ਅੱਜ ਮੈਂ ਉੱਥੇ ਜਾ ਕੇ ਵੇਖਿਆ ਤਾਂ ਹੈਰਾਨ ਰਹਿ ਗਿਆ ਕਿ ਦੂਰ-ਦੂਰ ਤੱਕ ਜਿੱਥੋਂ ਤੱਕ ਨਿਗ੍ਹਾ ਪੈਂਦੀ ਹੈ, ਰੇਤਾ ਹੀ ਰੇਤਾ ਨਜ਼ਰ ਆ ਰਹੀ ਸੀ | ਉਨ੍ਹਾਂ ਦੱਸਿਆ ਕਿ ਇਹ ਰੇਤਾ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਖੇਤਾਂ ਵਿਚ ਵੀ ਖਿੱਲਰੀ ਪਈ ਹੈ | ਸ. ਧਾਲੀਵਾਲ ਨੇ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਦੀਆਂ ਜ਼ਮੀਨਾਂ ਵਿਚੋਂ ਰੇਤਾ ਕੱਢਣਾ ਵੀ ਸੌਖਾ ਕੰਮ ਨਹੀਂ ਬਿਲਕੁਲ ਨਾਮੁਮਕਿਨ ਹੈ, ਕਿਉਂਕਿ ਸੁਰੱਖਿਆ ਕਾਰਨਾਂ ਕਰਕੇ ਇੱਥੇ ਪਹੁੰਚ ਬਹੁਤ ਔਖੀ ਹੈ ਤੇ ਆਉਣ ਜਾਣ ਦਾ ਵੀ ਸਮਾਂ ਸੀਮਾ ਨਿਰਧਾਰਤ ਹੈ | ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੰਗ ਕੀਤੀ ਕਿ ਕਿਉਂਕਿ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਸਲਾ ਹੈ, ਇਨ੍ਹਾਂ ਜ਼ਮੀਨਾਂ ਨਾਲ ਛੇੜ-ਛਾੜ ਅਸੰਭਵ ਹੈ, ਸੋ ਇਸ ਨੁਕਸਾਨ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਨ੍ਹਾਂ ਕਿਸਾਨਾਂ ਨੂੰ 20 ਲੱਖ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਵੇ | ਇਸ ਮੌਕੇ ਐੱਸ.ਐੱਚ.ਓ. ਆਗਿਆਪਾਲ ਸਿੰਘ, ਮੌਕੇ ਪ੍ਰਧਾਨ ਹਰਪਾਲ ਸਿੰਘ ਸਿੰਧੀ ਰਮਦਾਸ, ਸਾਬਕਾ ਸਰਪੰਚ ਪਿ੍ਥੀਪਾਲ ਸਿੰਘ ਘੋਹਨੇਵਾਲਾ, ਲਵਦੀਪ ਸਿੰਘ, ਕਿਸਾਨ ਪ੍ਰਸ਼ੋਤਮ ਸਿੰਘ, ਬਾਬਾ ਮੋਹਨ ਸਿੰਘ, ਫੁੰਮਣ ਸਿੰਘ, ਜਤਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ |