ਜਲੰਧਰ, 22 ਸਤੰਬਰ (ਚੰਦੀਪ ਭੱਲਾ)-ਜੇ.ਐੱਮ.ਆਈ.ਸੀ. ਰਾਮ ਪਾਲ ਦੀ ਅਦਾਲਤ ਨੇ ਥਾਣਾ ਰਾਮਾ ਮੰਡੀ ਵਿਖੇ ਦਰਜ ਕੀਤੇ ਗਏ ਜਬਰਨ ਵਸੂਲੀ ਦੇ ਕੇਸ 'ਚ ਆਮ ਆਦਮੀ ਪਾਰਟੀ ਦੇ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਰਮਨ ਅਰੋੜਾ ਦੇ ਵਕੀਲ ਦਰਸ਼ਨ ਸਿੰਘ ਦਿਆਲ ਤੇ ਨਵੀਨ ਚੱਢਾ ਨੇ ਦੱਸਿਆ ਕਿ ਰਮਨ ਅਰੋੜਾ ਖ਼ਿਲਾਫ਼ ਕਿਸੇ ਰਮੇਸ਼ ਕੁਮਾਰ ਠੇਕੇਦਾਰ ਨੇ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ ਪਾਰਕਿੰਗ ਦਾ ਠੇਕਾ ਹੈ ਤੇ ਵਿਧਾਇਕ ਰਮਨ ਅਰੋੜਾ ਉਸ ਕੋਲੋਂ ਮਹੀਨੇ ਦੇ ਪੈਸੇ ਲੈਂਦਾ ਸੀ ਤੇ ਜਦੋਂ ਪੈਸੇ ਨਹੀਂ ਦਿੰਦਾ ਸੀ ਤੇ ਉਸ ਨੂੰ ਧਮਕੀਆਂ ਮਿਲਦੀਆਂ ਸਨ ਤੇ ਇਸੇ ਮਾਮਲੇ 'ਚ ਰਮਨ ਅਰੋੜਾ ਹੁਣ ਜੁਡੀਸ਼ੀਅਲ ਹਿਰਾਸਤ 'ਚ ਹਨ | ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਰਜਿੰਦਰ ਕੁਮਾਰ ਜੋ ਕਿ ਲਾਟਰੀ ਦਾ ਕੰਮ ਕਰਦਾ ਸੀ ਨੇ ਵੀ ੍ਰਮਹੀਨਾ ਦੇਣ ਦਾ ਦੋਸ਼ ਲਗਾਇਆ ਸੀ | ਰਮਨ ਅਰੋੜਾ ਦੇ ਵਕੀਲ ਨੇ ਦੱਸਿਆ ਕਿ ਇਹ ਸਭ ਕੁਝ ਰਾਜਸ਼ੀ ਰੰਜਿਸ਼ ਕਰਕੇ ਕੀਤਾ ਜਾ ਰਿਹਾ ਹੈ, ਜਦਕਿ ਪੈਸੇ ਲੈਣ-ਦੇਣ ਦੇ ਕੋਈ ਸਬੂਤ ਨਹੀਂ ਮਿਲੇ | ਅਦਾਲਤ ਨੇ ਰਮਨ ਅਰੋੜਾ ਦੇ 25 ਹਜ਼ਾਰ ਦੀ ਜ਼ਮਾਨਤੀ ਬਾਂਡ ਭਰੇ ਜਾਣ ਦਾ ਹੁਕਮ ਦਿੱਤਾ ਹੈ |