ਅੰਮਿ੍ਤਸਰ, 22 ਸਤੰਬਰ (ਸੁਰਿੰਦਰ ਕੋਛੜ)-ਏਸ਼ੀਆ ਕੱਪ 'ਚ ਭਾਰਤ ਦੀ ਪਾਕਿਸਤਾਨ 'ਤੇ ਲਗਾਤਾਰ ਦੂਜੀ ਜਿੱਤ ਤੋਂ ਬਾਅਦ ਪਾਕਿ ਦਾ ਟੀਮ ਪ੍ਰਬੰਧਨ ਪੂਰੀ ਤਰ੍ਹਾਂ ਨਾਲ ਬੌਖ਼ਲ਼ਾ ਗਿਆ ਹੈ | ਆਪਣੀ ਇਸ ਬੌਖ਼ਲਾਹਟ ਦਾ ਪ੍ਰਦਰਸ਼ਨ ਕਰਦਿਆਂ ਟੀਮ ਨੇ ਦੁਬਈ 'ਚ ਐਤਵਾਰ ਨੂੰ ਭਾਰਤ ਵਿਰੁੱਧ ਹਾਈ-ਵੋਲਟੇਜ ਏਸ਼ੀਆ ਕੱਪ ਮੁਕਾਬਲੇ ਦੌਰਾਨ ਪਾਕਿਸਤਾਨੀ ਖਿਡਾਰੀ ਫ਼ਖਰ ਜ਼ਮਾਨ ਦੇ ਆਊਟ ਹੋਣ ਨੂੰ 'ਵਿਵਾਦਪੂਰਨ' ਦੱਸਦਿਆਂ ਇਸ 'ਤੇ ਰਸਮੀ ਤੌਰ 'ਤੇ ਚਿੰਤਾਵਾਂ ਜ਼ਾਹਿਰ ਕੀਤੀਆਂ ਹਨ | ਪਾਕਿਸਤਾਨੀ ਟੀਮ ਨੇ ਦੋਸ਼ ਲਗਾਇਆ ਹੈ ਕਿ ਤੀਜਾ ਅੰਪਾਇਰ ਸਬੂਤਾਂ ਦੀ ਸਹੀ ਢੰਗ ਨਾਲ ਸਮੀਖਿਆ ਕਰਨ 'ਚ ਅਸਫਲ ਰਿਹਾ | ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿ ਦੇ ਟੀਮ ਮੈਨੇਜਰ ਨੇ ਮੈਚ ਰੈਫ਼ਰੀ ਤੇ ਅੰਪਾਇਰਾਂ ਨੂੰ ਇਕ ਈ-ਮੇਲ ਲਿਖੀ ਹੈ, ਜਿਸ 'ਚ ਫ਼ਖਰ ਜ਼ਮਾਨ ਨੂੰ ਆਊਟ ਕਰਨ ਬਾਰੇ ਫ਼ੈਸਲਾ ਲੈਣ ਦੀ ਪ੍ਰਕਿਰਿਆ 'ਤੇ ਸਵਾਲ ਉਠਾਏ ਗਏ ਹਨ | ਮੈਚ 'ਚ ਲਗਾਤਾਰ ਦੂਜੀ ਵਾਰ ਹਾਰ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ 'ਚ ਬੋਲਦੇ ਹੋਏ ਪਾਕਿਸਤਾਨੀ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ ਨੇ ਸੁਝਾਅ ਦਿੱਤਾ ਕਿ ਅੰਪਾਇਰ ਨੇ ਓਪਨਰ ਫ਼ਖਰ ਜ਼ਮਾਨ ਨੂੰ ਆਊਟ ਕਰਨ 'ਚ ਗਲਤੀ ਕੀਤੀ ਹੋ ਸਕਦੀ ਹੈ |