ਐੱਸ. ਏ. ਐੱਸ. ਨਗਰ, 23 ਸਤੰਬਰ (ਕਪਿਲ ਵਧਵਾ)-ਮੁਹਾਲੀ ਦੇ ਸੈਕਟਰ-68 ਸਥਿਤ ਇਕ ਨਿੱਜੀ ਬੈਂਕ ਦੀ ਸ਼ਾਖਾ ਵਿਚ ਇਕ ਇੰਮੀਗ੍ਰੇਸ਼ਨ ਏਜੰਟ ਨੂੰ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਦਰਜ ਮਾਮਲੇ ਵਿਚ ਨਾਮਜ਼ਦ ਏ. ਆਈ. ਜੀ. ਗੁਰਜੋਤ ਸਿੰਘ ਕਲੇਰ ਨੇ ਸਥਾਨਕ ਅਦਾਲਤ ਵਿਖੇ ਅਗਾਊਾ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਹੈ | ਦੱਸ ਦਈਏ ਕਿ ਫੇਜ਼-11 ਦੇ ਰਹਿਣ ਵਾਲੇ ਇੰਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਰਾਜਦੀਪ ਸਿੰਘ ਨੇ ਏ. ਆਈ. ਜੀ. ਸਮੇਤ ਕੁਝ ਹੋਰਨਾਂ ਵਿਅਕਤੀਆਂ ਤੋਂ ਪ੍ਰੇਸ਼ਾਨ ਹੋਣ ਕਾਰਨ ਖ਼ੁਦ ਨੂੰ ਗੋਲੀ ਮਾਰ ਲਈ ਸੀ | ਇਸ ਤੋਂ ਬਾਅਦ ਪੁਲਿਸ ਨੇ ਮਿ੍ਤਕ ਦੀ ਵੀਡੀਓ, ਬਰਾਮਦ ਹੋਏ ਖ਼ੁਦਕੁਸ਼ੀ ਨੋਟ ਅਤੇ ਰਾਜਦੀਪ ਸਿੰਘ ਦੇ ਪਿਤਾ ਪਰਮਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੰਜ ਵਿਅਕਤੀ ਏ. ਆਈ. ਜੀ. ਗੁਰਜੋਤ ਸਿੰਘ ਕਲੇਰ, ਰਿਸ਼ੀ ਰਾਣਾ, ਸੀ. ਏ. ਸਮੀਰ ਅਗਰਵਾਲ, ਰਿੰਕੂ ਕਿ੍ਸ਼ਨਾ ਤੇ ਸ਼ਾਇਨਾ ਅਰੋੜਾ ਸਮੇਤ ਕੁਝ ਹੋਰ ਨਾਮਾਲੂਮ ਵਿਅਕਤੀਆਂ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 108 ਅਤੇ 61 (2) ਤਹਿਤ ਥਾਣਾ ਫੇਜ਼-8 ਮੁਹਾਲੀ ਵਿਖੇ ਘਟਨਾ ਤੋਂ ਅਗਲੀ ਦਿਨ 10 ਸਤੰਬਰ ਨੂੰ ਐੱਫ. ਆਈ. ਆਰ. ਦਰਜ ਕੀਤੀ ਸੀ | ਮੁਹਾਲੀ ਅਦਾਲਤ ਵਿਖੇ ਏ. ਆਈ. ਜੀ. ਗੁਰਜੋਤ ਸਿੰਘ ਦੀ ਜ਼ਮਾਨਤ ਅਰਜ਼ੀ 'ਤੇ ਬੁੱਧਵਾਰ ਨੂੰ ਜੱਜ ਹਰਦੀਪ ਸਿੰਘ ਦੀ ਅਦਾਲਤ ਵਿਖੇ ਸੁਣਵਾਈ ਹੋਵੇਗੀ |