ਅੰਮਿ੍ਤਸਰ, 26 ਸਤੰਬਰ (ਜਸਵੰਤ ਸਿੰਘ ਜੱਸ)-ਡੇਰਾ ਰਾਧਾ ਸਵਾਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਸਥਾਨਕ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਛਾਉਣੀ ਨਿਹੰਗ ਸਿੰਘਾਂ ਵਿਖੇ ਨਤਮਸਤਕ ਹੋਣ ਪੱੁਜੇ | ਉਪਰੰਤ ਨਿਹੰਗ ਸਿੰਘ ਸੰਪ੍ਰਦਾਇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨਾਲ ਮੁਲਾਕਾਤ ਕੀਤੀ | ਇਸ ਮੌਕੇ ਬਾਬਾ ਜੋਗਾ ਸਿੰਘ ਕਰਨਾਲ, ਭਾਈ ਸੁਖਜੀਤ ਸਿੰਘ ਘਨੱਈਆ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ | ਬਾਬਾ ਗੁਰਿੰਦਰ ਸਿੰਘ ਨੇ ਜਥੇਦਾਰ 96 ਕਰੋੜੀ ਨਾਲ ਸੰਖੇਪ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬੁੱਢਾ ਦਲ ਦੇ ਮਾਝੇ ਦੇ ਹੈਡਕੁਆਟਰ ਵਿਖੇ ਸਤਿਕਾਰ ਵਜੋਂ ਦਰਸ਼ਨ ਕਰਨ ਆਇਆ ਹਾਂ | ਮੈਂ ਖ਼ਾਲਸਾ ਪੰਥ ਤੇ ਬੁੱਢਾ ਦਲ ਦਾ ਸਤਿਕਾਰ ਕਰਦਾ ਹਾਂ ਅਤੇ ਗੁਰੂ ਸਾਹਿਬ ਵਲੋਂ ਦਿੱਤੀਆਂ ਸਿੱਖਿਆਵਾਂ ਨੂੰ ਸਭ ਨੂੰ ਅਪਣਾਉਣ ਦੀ ਅਪੀਲ ਕਰਦਾ ਹਾਂ | ਜਥੇਦਾਰ 96 ਕਰੋੜੀ ਨੇ ਡੇਰਾ ਬਿਆਸ ਮੁਖੀ ਨੂੰ ਸਿਰਪਾਓ, ਸ੍ਰੀ ਸਾਹਿਬ ਤੇ ਬੁੱਢਾ ਦਲ ਦੀਆਂ ਇਤਿਹਾਸਕ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਬਿਆਸ ਮੁਖੀ ਅੱਜ ਨਿਹੰਗ ਸਿੰਘਾਂ ਪ੍ਰਤੀ ਪਿਆਰ ਤੇ ਸਤਿਕਾਰ ਪ੍ਰਗਟ ਕਰਦਿਆਂ ਨਿਹੰਗ ਸਿੰਘਾਂ ਦੇ ਮਾਝੇ ਦੇ ਹੈਡਕੁਆਟਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਆਏ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਅੱਜ ਦੀ ਮੁਲਾਕਾਤ ਦੌਰਾਨ ਡੇਰਾ ਮੁਖੀ ਨਾਲ ਕੋਈ ਸਿਆਸੀ ਗੱਲ ਨਹੀਂ ਹੋਈ ਤੇ ਸਿਰਫ਼ ਪ੍ਰੇਮ-ਪਿਆਰ ਦੀਆਂ ਅਤੇ ਧਾਰਮਿਕ ਵਿਚਾਰਾਂ ਹੀ ਹੋਈਆਂ ਹਨ |