ਚੰਡੀਗੜ੍ਹ, 26 ਸਤੰਬਰ (ਸੰਦੀਪ ਕੁਮਾਰ ਮਾਹਨਾ)ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਪੁੱਜਣ 'ਤੇ ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਲੋਕ ਸਭਾ ਸਪੀਕਰ ਓਮ ਬਿਰਲਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਤੇ ਯੂ.ਟੀ. ਪ੍ਰਸ਼ਾਸਨ ਦੇ ਕਈ ਉੱਚ ਅਧਿਕਾਰੀਆਂ ਵੀ ਹਾਜ਼ਰ ਸਨ | ਇਸ ਸੰਖੇਪ ਮੁਲਾਕਾਤ ਦੌਰਾਨ ਰਾਸ਼ਟਰੀ ਸੁਰੱਖਿਆ ਤੇ ਖੇਤਰੀ ਵਿਕਾਸ ਨਾਲ ਸੰਬੰਧਿਤ ਕਈ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਹੋਇਆ | ਚਰਚਾ ਦੌਰਾਨ ਦੇਸ਼ ਦੀ ਰੱਖਿਆ, ਸਰਹੱਦੀ ਸੁਰੱਖਿਆ, ਜਵਾਨਾਂ ਦੀ ਭਲਾਈ, ਖੇਤਰੀ ਵਿਕਾਸ ਅਤੇ ਕੇਂਦਰਰਾਜ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਹੋਈ | ਕੇਂਦਰੀ ਰੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਦੇਸ਼ ਦੀ ਸੁਰੱਖਿਆ ਵਿਚ ਵਿਲੱਖਣ ਯੋਗਦਾਨ ਹੈ ਅਤੇ ਇਸ ਧਰਤੀ ਨੇ ਹਮੇਸ਼ਾ ਦੇਸ਼ ਦੀ ਰੱਖਿਆ ਲਈ ਆਪਣਾ ਸਭ ਕੁੱਝ ਕੁਰਬਾਨ ਕੀਤਾ ਹੈ | ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਰੱਖਿਆ ਮੰਤਰੀ ਦੀ ਇਹ ਯਾਤਰਾ ਪੰਜਾਬ ਅਤੇ ਚੰਡੀਗੜ੍ਹ ਲਈ ਮਾਣ ਦਾ ਵਿਸ਼ਾ ਹੈ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਨਾਲ ਸੂਬਿਆਂ ਵਿਚਕਾਰ ਸਹਿਯੋਗ ਹੋਰ ਮਜ਼ਬੂਤ ਹੋਵੇਗਾ | ਸਪੀਕਰ ਓਮ ਬਿਰਲਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਆਪਣੀਆਂ ਵਿਚਾਰਧਾਰਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਕੇਂਦਰ ਤੇ ਸੂਬਿਆਂ ਦਾ ਮਿਲਜੁਲ ਕੇ ਕੰਮ ਕਰਨਾ ਹੀ ਦੇਸ਼ ਨੂੰ ਵਿਕਾਸ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਵਧਾਉਣ ਦਾ ਸਬੱਬ ਬਣ ਸਕਦਾ ਹੈ |
ਪੰਜਾਬ ਦਾ ਦੇਸ਼ ਦੀ ਸੁਰੱਖਿਆ 'ਚ ਵਿਲੱਖਣ ਯੋਗਦਾਨ-ਰਾਜਨਾਥ ਸਿੰਘ
ਅਜੀਤ ਡੈਸਕ
27-09-2025