ਅੰਮਿ੍ਤਸਰ, 27 ਸਤੰਬਰ (ਜਸਵੰਤ ਸਿੰਘ ਜੱਸ)-ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਚੱਲਦਿਆਂ ਸਾਲ ਦੇ ਅਖ਼ੀਰ ਵਿਚ 27 ਦਸੰਬਰ ਨੂੰ ਜਿੱਥੇ ਸਿੱਖ ਸੰਗਤਾਂ ਵਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦਾ ਸ਼ਹੀਦੀ ਪੁਰਬ ਮਨਾਇਆ ਜਾਣਾ ਹੈ, ਉੱਥੇ ਇਸ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਉਸੇ ਹੀ ਦਿਨ, ਭਾਵ 27 ਦਸੰਬਰ ਨੂੰ ਹੀ ਆਉਣ ਕਰਕੇ ਸਿੱਖ ਸੰਗਤਾਂ ਵਿਚ ਦੋਵੇਂ ਗੁਰਪੁਰਬ ਇੱਕੋ ਦਿਨ ਮਨਾਉਣ ਨੂੰ ਲੈ ਕੇ ਦੁਬਿਧਾ ਪਾਈ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਇਨ੍ਹਾਂ ਸ਼ਹੀਦੀ ਅਤੇ ਪ੍ਰਕਾਸ਼ ਦਿਹਾੜਿਆਂ ਦੇ ਇੱਕੋ ਦਿਨ ਆਉਣ ਕਰਕੇ ਸਿੱਖ ਜਗਤ ਦੁਬਿਧਾ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ | ਇਸ ਵਾਰ ਦੋਵੇਂ ਅਹਿਮ ਦਿਹਾੜੇ ਇੱਕੋ ਦਿਨ ਆ ਜਾਣ ਕਰਕੇ ਸਿੱਖ ਜਗਤ ਇਸ ਸਮੱਸਿਆ ਦੇ ਹੱਲ ਲਈ ਜਥੇਦਾਰ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲ ਟੇਕ ਲਗਾ ਕੇ ਬੈਠਾ ਹੈ ਕਿ ਉਨ੍ਹਾਂ ਵਲੋਂ ਇਨ੍ਹਾਂ ਦੋਵਾਂ ਅਹਿਮ ਦਿਹਾੜਿਆਂ ਨੂੰ ਮਨਾਉਣ ਸੰਬੰਧੀ ਕੀ ਆਦੇਸ਼ ਜਾਰੀ ਹੁੰਦਾ ਹੈ | ਇੱਥੇ ਦੱਸਣਯੋਗ ਹੈ ਕਿ ਸੰਨ੍ਹ 2014 ਵਿਚ ਵੀ ਦੋਵਾਂ ਸ਼ਹੀਦੀ ਤੇ ਪ੍ਰਕਾਸ਼ ਦਿਹਾੜਿਆਂ ਦੇ ਇੱਕੋ ਦਿਨ ਆਉਣ ਕਾਰਣ ਇਸੇ ਤਰ੍ਹਾਂ ਦੀ ਸਥਿਤੀ ਪੈਦਾ ਹੋ ਗਈ ਸੀ ਜਿਸ ਸਮੇਂ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ 17 ਨਵੰਬਰ 2014 ਨੂੰ ਪੰਜ ਸਿੰੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਮਤਾ ਪਾਸ ਕਰਕੇ ਦਸਵੇਂ ਪਾਤਿਸ਼ਾਹ ਦਾ ਪ੍ਰਕਾਸ਼ ਦਿਹਾੜੇ ਦੀ ਮਿਤੀ ਅੱਗੇ ਪਾਉਂਦਿਆਂ 23 ਪੋਹ ਨਿਰਧਾਰਤ ਕਰ ਦਿੱਤੀ ਗਈ ਸੀ | ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਵਿਚ ਜਲੰਧਰ ਜ਼ਿਲੇ੍ਹ ਦੀਆਂ 80 ਦੇ ਕਰੀਬ ਸਿੰਘ ਸਭਾ ਸੁਸਾਇਟੀਆਂ ਤੇ ਸਿੱਖ ਜਥੇਬੰਦੀਆਂ ਦੇ ਪ੍ਰਬੰਧਕਾਂ ਤੇ ਨੁਮਾਇੰਦਿਆਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸ਼ਹੀਦੀ ਤੇ ਪ੍ਰਕਾਸ਼ ਪੁਰਬ ਇੱਕੋ ਦਿਨ ਆਉਣ ਸੰਬੰਧੀ ਜਾਣੰੂ ਕਰਵਾ ਕੇ ਸੰਗਤਾਂ ਨੂੰ ਦੁਬਿਧਾ ਵਿਚੋਂ ਕੱਢਣ ਦੀ ਅਪੀਲ ਕੀਤੀ ਗਈ |