ਸ੍ਰੀ ਅਨੰਦਪੁਰ ਸਾਹਿਬ ਵਿਖੇ ਕੱਲ੍ਹ ਰੱਖਿਆ ਜਾ ਸਕਦਾ ਹੈ ਸਨਮਾਨ ਸਮਾਗਮ
ਅੰਮਿ੍ਤਸਰ, 18 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੰਦੀ ਛੋੜ ਦਿਵਸ ਤੋਂ ਪਹਿਲਾਂ ਸਮੂਹ ਨਿਹੰਗ ਜਥੇਬੰਦੀਆਂ ਵਲੋਂ ਦਸਤਾਰਾਂ ਦੇ ਕੇ ਰਸਮੀ ਤੌਰ 'ਤੇ ਮਾਨਤਾ ਦੇ ਦਿੱਤੇ ਜਾਣ ਦੀ ਸੰਭਾਵਨਾ ਹੈ | ਜਾਣਕਾਰ ਸੂਤਰਾਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਇਸ ਸੰਬੰਧੀ ਸ਼ੋ੍ਰਮਣੀ ਕਮੇਟੀ ਵਲੋਂ ਬੰਦੀ ਛੋੜ ਦਿਵਸ ਤੋਂ ਇਕ ਦਿਨ ਪਹਿਲਾਂ 20 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਜਾ ਸਕਦਾ ਹੈ, ਜਿਸ ਦੌਰਾਨ ਪਿਛਲੇ ਸਮੇਂ ਵਿਚ ਸ਼ੋ੍ਰਮਣੀ ਕਮੇਟੀ ਵਲੋਂ ਜਥੇਦਾਰ ਗੜਗੱਜ ਦੀ ਕੀਤੀ ਨਿਯੁਕਤੀ 'ਤੇ ਚੁੱਪ ਚੁਪੀਤੇ ਸੇਵਾ ਸੰਭਾਲਣ ਦੇ ਤਰੀਕੇ ਨੂੰ ਲੈ ਕੇ ਨਾਰਾਜ਼ ਚੱਲ ਰਹੀਆਂ ਨਿਹੰਗ ਸਿੰਘ ਜਥੇਬੰਦੀਆਂ, ਨਾਨਕਸਰ ਸੰਪ੍ਰਦਾਇ ਤੇ ਹੋਰ ਸਿੱਖ ਜਥੇਬੰਦੀਆਂ ਜਥੇਦਾਰ ਗੜਗੱਜ ਨੂੰ ਦਸਤਾਰਾਂ ਭੇਟ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਲਟਕੀ ਹੋਈ ਪੰਥਕ ਪ੍ਰਵਾਨਗੀ ਦੇਣ ਦੇ ਨਾਲ ਪੰਥਕ ਇਕਜੁੱਟਤਾ ਦਾ ਸੰਦੇਸ਼ ਦੇ ਸਕਦੀਆਂ ਹਨ | ਜ਼ਿਕਰਯੋਗ ਹੈ ਕਿ ਇਸ ਵਰੇ੍ਹ ਮਾਰਚ ਮਹੀਨੇ ਤੋਂ ਸੇਵਾ ਸੰਭਾਲਣ ਤੋਂ ਬਾਅਦ ਜਥੇਦਾਰ ਗੜਗੱਜ ਨੇ ਪੰਜਾਬ ਸਮੇਤ ਦੇਸ਼ ਦੇ 16 ਸੂਬਿਆਂ ਵਿਚ ਧਰਮ ਪ੍ਰਚਾਰ ਪ੍ਰਸਾਰ ਫੇਰੀਆਂ ਅਤੇ ਆਪਣੀ ਕਾਰਜਸ਼ੈਲੀ ਨਾਲ ਤਖ਼ਤ ਸ੍ਰੀ ਪਟਨਾ ਸਾਹਿਬ ਸਮੇਤ ਹੋਰ ਕਈ ਸਿੱਖ ਜਥੇਬੰਦੀਆਂ ਤੇ ਸੰਗਤਾਂ ਦੇ ਮਨਾਂ ਅੰਦਰ ਕਾਫ਼ੀ ਹੱਦ ਤੱਕ ਥਾਂ ਬਣਾ ਲਈ ਹੈ | ਸੁੂਤਰਾਂ ਅਨੁਸਾਰ ਪ੍ਰਮੁੱਖ ਨਿਹੰਗ ਸਿੰਘ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਦਲ ਪੰਥ ਬਾਬਾ ਬਿਧੀ ਚੰਦ ਸੰਪਰਦਾਇ ਤੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀਆਂ ਵਲੋਂ ਜਥੇਦਾਰ ਗੜਗੱਜ ਨੂੰ ਦਸਤਾਰਾਂ ਦੇਣ ਸੰਬੰਧੀ ਆਪਸ ਵਿਚ ਸਹਿਮਤੀ ਬਣ ਗਈ ਜਾਪਦੀ ਹੈ | ਦੂਜੇ ਪਾਸੇ ਜਥੇਦਾਰ ਗੜਗੱਜ ਦੀ ਨਿਯੁਕਤੀ ਦਾ ਖੁੱਲੇਆਮ ਵਿਰੋਧ ਕਰਨ ਵਾਲੀ ਦਮਦਮੀ ਟਕਸਾਲ ਦੀ ਵੀ ਭਾਵੇਂ ਹੁਣ ਵਿਰੋਧੀ ਵਾਲੀ ਸੁਰ ਕੁਝ ਨਰਮ ਪੈ ਗਈ ਹੈ ਪਰ ਜਥੇਦਾਰ ਗੜਗੱਜ ਨੂੰ ਪੰਥਕ ਮਾਨਤਾ ਦਿਵਾਉਣ ਲਈ ਰੱਖੇ ਜਾਣ ਵਾਲੇ ਸੰਭਾਵੀ ਸਮਾਗਮ ਵਿਚ ਟਕਸਾਲ ਮੁਖੀ ਜਾਂ ਕਿਸੇ ਪ੍ਰਤੀਨਿਧ ਦੀ ਸ਼ਮੂਲੀਅਤ ਨੂੰ ਲੈ ਕੇ ਅੱਜੇ ਸਥਿਤੀ ਸਪੱਸ਼ਟ ਨਹੀਂ ਹੈ |
ਬੰਦੀ ਛੋੜ ਦਿਵਸ ਤੋਂ ਪਹਿਲਾਂ ਜਥੇਦਾਰ ਗੜਗੱਜ ਨੂੰ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਰਸਮੀ ਮਾਨਤਾ ਮਿਲਣ ਦੀ ਸੰਭਾਵਨਾ!
ਅਜੀਤ ਡੈਸਕ
19-10-2025