30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਰੁਜ਼ਗਾਰ ਦੀ ਭਾਲ 'ਚ ਗਏ 7 ਪੰਜਾਬੀ ਨੌਜਵਾਨ ਤਜਾਕਿਸਤਾਨ ਵਿਚ ਫਸੇ

Ad Position 21
No active advertisement
ਅਜੀਤ ਡੈਸਕ 19-10-2025

ਨੰਗਲ ਦੇ ਏਜੰਟ ਨੇ ਡਰਾਈਵਰੀ ਦੀ ਨੌਕਰੀ ਦੇ ਨਾਂਅ 'ਤੇ ਭੇਜਿਆ ਸੀ ਵਿਦੇਸ਼
ਨੂਰਪੁਰ ਬੇਦੀ (ਰੂਪਨਗਰ), 18 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਵਿਦੇਸ਼ਾਂ ਵਿਚ ਚੰਗੀ ਰੋਜ਼ੀ-ਰੋਟੀ ਦੀ ਉਮੀਦ ਨਾਲ ਗਏ ਪੰਜਾਬ ਦੇ ਨੌਜਵਾਨਾਂ ਨਾਲ ਧੋਖਾਧੜੀ ਦੇ ਮਾਮਲੇ ਰੁਕਣ ਦਾ ਨਾਂਅ ਨਹੀਂ ਲੈ ਰਹੇ | ਤਾਜ਼ਾ ਮਾਮਲਾ ਨੂਰਪੁਰ ਬੇਦੀ ਦੇ ਪਿੰਡ ਬੈਂਸ ਸਮੇਤ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਪਿੰਡਾਂ ਨਾਲ ਜੁੜਿਆ ਹੈ, ਜਿਥੇ ਪਿੰਡ ਬੈਂਸ ਦੇ ਨੌਜਵਾਨ ਹਰਵਿੰਦਰ ਸਿੰਘ ਸਮੇਤ ਕੁੱਲ ਸੱਤ ਨੌਜਵਾਨ ਜਿਨ੍ਹਾਂ ਵਿਚ ਮਨਜੀਤ ਸਿੰਘ ਘਨੌਲੀ, ਅਮਰਜੀਤ ਸਿੰਘ ਪਿੰਡ ਬ੍ਰਹਮਪੁਰ, ਹਰਦੀਪ ਸਿੰਘ ਪਿੰਡ ਪੱਤੀ, ਹਰਵਿੰਦਰ ਸਿੰਘ ਪਿੰਡ ਮੌੜਾ, ਅਵਤਾਰ ਸਿੰਘ ਪਿੰਡ ਢੇਰ ਤੇ ਗੁਰਪ੍ਰੀਤ ਸਿੰਘ ਨੂੰ ਤਜਾਕਿਸਤਾਨ ਵਿਚ ਧੋਖੇ ਨਾਲ ਫਸਾ ਦਿੱਤਾ ਗਿਆ ਹੈ | ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ, ਕਿ ਉਨਾਂ ਨੂੰ ਨੰਗਲ ਦੇ ਇਕ ਏਜੰਟ ਨੇ ਡਰਾਈਵਰੀ ਦੀ ਨੌਕਰੀ ਦੇ ਨਾਂਅ 'ਤੇ ਵਿਦੇਸ਼ ਭੇਜਿਆ ਸੀ ਪਰ ਜਦੋਂ ਉਹ ਤਜਾਕਿਸਤਾਨ ਪਹੁੰਚੇ ਤਾਂ ਹਕੀਕਤ ਬਿਲਕੁਲ ਉਲਟ ਨਿਕਲੀ | ਹਰਵਿੰਦਰ ਸਿੰਘ ਨੇ ਤਜਾਕਿਸਤਾਨ ਤੋਂ ਆਪਣੇ ਮੋਬਾਈਲ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਥੇ ਪਹੁੰਚਣ ਤੋਂ ਬਾਅਦ ਉਨਾਂ ਤੋਂ ਜ਼ਬਰਦਸਤੀ ਮਜ਼ਦੂਰੀ ਦੇ ਕੰਮ ਕਰਵਾਏ ਜਾ ਰਹੇ ਹਨ, ਜੋ ਉਨਾਂ ਦੀ ਸਮਰੱਥਾ ਤੋਂ ਬਾਹਰ ਹਨ | ਡਰਾਈਵਰੀ ਦੇ ਨਾਂਅ 'ਤੇ ਗਏ ਨੌਜਵਾਨਾਂ ਨੂੰ ਇੱਟਾਂ ਢੋਣ, ਸਾਮਾਨ ਚੁੱਕਣ ਅਤੇ ਹੋਰ ਕਠਿਨ ਮਜ਼ਦੂਰੀ ਕਰਨੀ ਪੈ ਰਹੀ ਹੈ | ਉਪਰੋਂ ਉਨ੍ਹਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਗਏ ਹਨ, ਜਿਸ ਕਾਰਨ ਉਹ ਵਾਪਸ ਆਉਣ ਦੇ ਯੋਗ ਨਹੀਂ ਰਹੇ | ਨੌਜਵਾਨਾਂ ਨੇ ਦੱਸਿਆ ਕਿ ਜਦੋਂ ਉਹ ਭਾਰਤ ਵਾਪਸ ਜਾਣ ਲਈ ਕਹਿੰਦੇ ਹਨ ਤਾਂ ਉਨ੍ਹਾਂ ਤੋਂ 50 ਹਜ਼ਾਰ ਰੁਪਏ ਪ੍ਰਤੀ ਨੌਜਵਾਨ ਮੰਗੇ ਜਾ ਰਹੇ ਹਨ ਤੇ ਇੰਨੇ ਪੈਸੇ ਉਹ ਹੁਣ ਦੇਣ ਤੋਂ ਅਸਮਰਥ ਹਨ | ਨੌਜਵਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੋਲ ਬੇਨਤੀ ਕੀਤੀ ਕਿ ਉਨ੍ਹਾਂ ਦੀ ਭਾਰਤ ਵਾਪਸੀ ਲਈ ਤੁਰੰਤ ਕਾਰਵਾਈ ਕੀਤੀ ਜਾਵੇ | ਉਨਾਂ ਇਹ ਵੀ ਮੰਗ ਕੀਤੀ ਹੈ ਕਿ ਨੰਗਲ ਦੇ ਉਕਤ ਏਜੰਟ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਸ ਤੋਂ ਉਨ੍ਹਾਂ ਦੇ ਲਏ ਗਏ ਪੈਸੇ ਵਾਪਸ ਦਿਵਾਏ ਜਾਣ | ਪਰਿਵਾਰਾਂ ਦਾ ਕਹਿਣਾ ਹੈ ਕਿ ਉਨਾਂ ਨੇ ਆਪਣੀ ਜਾਇਦਾਦ ਵੇਚ ਕੇ ਜਾਂ ਕਰਜ਼ਾ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਸੀ ਪਰ ਹੁਣ ਉਹ ਧੋਖੇ ਦਾ ਸ਼ਿਕਾਰ ਹੋ ਚੁੱਕੇ ਹਨ | ਉਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤਜਾਕਿਸਤਾਨ ਵਿਚ ਫਸੇ ਇਨ੍ਹਾਂ ਨੌਜਵਾਨਾਂ ਦੀ ਜ਼ਿੰਦਗੀ ਬਚਾਈ ਜਾਵੇ | ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਵਿਦੇਸ਼ ਜਾਣ ਤੋਂ ਪਹਿਲਾਂ ਨੌਜਵਾਨਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ | ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਤੋਂ ਅਜਿਹੇ ਧੋਖੇਬਾਜ਼ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਦਾ ਸਮਾਂ ਸ਼ਾਮ 5 ਵਜੇ ਹੋਇਆ ਅਗਲੀ ਖ਼ਬਰ ਬੰਦੀ ਛੋੜ ਦਿਵਸ ਤੋਂ ਪਹਿਲਾਂ ਜਥੇਦਾਰ ਗੜਗੱਜ ਨੂੰ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਰਸਮੀ ਮਾਨਤਾ ਮਿਲਣ ਦੀ ਸੰਭਾਵਨਾ!
Ad Position 24