ਅਟਾਰੀ, (ਅੰਮਿ੍ਤਸਰ) 18 ਅਕਤੂਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਵਿਖੇ ਬੀ. ਐੱਸ. ਐੱਫ਼. ਅਤੇ ਪਾਕਿਸਤਾਨ ਰੇਂਜਰਾਂ ਦਰਮਿਆਨ ਰੋਜ਼ਾਨਾ ਸ਼ਾਮ ਹੁੰਦੀ ਝੰਡੇ ਦੀ ਰਸਮ ਰੀਟਰੀਟ ਦਾ ਸਮਾਂ ਤਬਦੀਲ ਕੀਤਾ ਗਿਆ ਹੈ | ਬੀ. ਐੱਸ. ਐੱਫ਼. ਅਨੁਸਾਰ ਪਹਿਲਾਂ ਝੰਡੇ ਦੀ ਰਸਮ ਤੋਂ 5.30 ਵਜੇ ਤੋਂ ਸ਼ੁਰੂ ਹੋ ਕੇ 6 ਵਜੇ ਸ਼ਾਮ ਤੱਕ ਇਹ ਸੈਰਮਨੀ ਚੱਲਦੀ ਸੀ, ਹੁਣ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਅਟਾਰੀ ਸਰਹੱਦ 'ਤੇ ਪਾਕਿਸਤਾਨ ਰੇਂਜਰਾਂ ਨਾਲ ਹੋਈ ਗੱਲਬਾਤ ਤੋਂ ਬਾਅਦ ਝੰਡੇ ਦੀ ਰਸਮ ਦਾ ਸਮਾਂ ਅੱਧਾ ਘੰਟਾ ਸਮਾਂ ਘਟਾ ਕੇ 5 ਤੋਂ ਲੈ ਕੇ 5.45 ਵਜੇ ਸ਼ਾਮ ਕੀਤਾ ਗਿਆ ਹੈ | ਬੀ. ਐੱਸ. ਐੱਫ਼. ਅਨੁਸਾਰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਨੂੰ ਅਪੀਲ ਹੈ ਕਿ ਉਹ ਸ਼ਾਮ 4 ਵਜੇ ਤੱਕ ਆਪਣੀਆਂ ਗੱਡੀਆਂ ਪਾਰਕਿੰਗ ਵਿਚ ਲਗਾ ਕੇ ਸਰਹੱਦ 'ਤੇ ਬਣੇ ਸਟੇਡੀਅਮ ਵਿਖੇ ਪੁੱਜਣ | ਸੈਲਾਨੀਆਂ ਨੂੰ ਭਾਰੇ ਬੈਗ, ਵੱਡੇ ਹੈਂਡ ਪਰਸ, ਇਲੈਕਟ੍ਰੋਨਿਕ ਚੀਜ਼ਾਂ ਨੂੰ ਵੀ ਆਪਣੀਆਂ ਗੱਡੀਆਂ ਵਿਚ ਹੀ ਰੱਖ ਕੇ ਆਉਣ ਦੀ ਅਪੀਲ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਪਹਿਲਗਾਮ ਵਿਖੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਕੀਤੇ ਅਪ੍ਰੇਸ਼ਨ ਸੰਧੂਰ ਤੋਂ ਬਾਅਦ ਅਟਾਰੀ-ਵਾਹਗਾ ਸਰਹੱਦ 'ਤੇ ਦੋਵੇਂ ਦੇਸ਼ਾਂ ਦੀਆਂ ਫੋਰਸਾਂ ਵਲੋਂ ਆਪੋ-ਆਪਣੇ ਦੇਸ਼ਾਂ ਦੇ ਗੇਟ ਬੰਦ ਕਰਕੇ ਝੰਡੇ ਦੀ ਰਸਮ ਰੀਟਰੀਟ ਦੀ ਰਸਮ ਕੀਤੀ ਜਾ ਰਹੀ ਹੈ |