ਕਿਹਾ, ਇਨਸਾਫ਼ ਕਰਨ ਵਾਲੀ 'ਆਪ' ਸਰਕਾਰ ਹੁਣ ਸਿਹਤ ਮੰਤਰੀ ਖ਼ਿਲਾਫ਼ ਵੀ ਕਰੇ ਕੇਸ ਦਰਜ
ਪਟਿਆਲਾ, 18 ਅਕਤੂਬਰ (ਮਨਦੀਪ ਸਿੰਘ ਖਰੌੜ)-ਜਬਰ ਜਨਾਹ ਦੇ ਮਾਮਲੇ 'ਚ 2 ਸਤੰਬਰ ਤੋਂ ਫ਼ਰਾਰ ਚਲ ਰਹੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਇਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ 'ਆਪ' ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਆਖਿਆ ਕਿ 'ਆਪ' ਸਰਕਾਰ ਨੇ ਪੰਜਾਬ ਦੇ ਵਿਧਾਇਕਾਂ ਦੀ ਕਦਰ ਬਿਲਕੁਲ ਖ਼ਤਮ ਕਰ ਦਿੱਤੀ ਹੈ | ਪਠਾਣਮਾਜਰਾ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੀਤੀ ਕਾਰਵਾਈ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਵਲੋਂ ਚੁਣੇ ਗਏ ਪ੍ਰਤੀਨਿਧ ਦੀ ਸੂਬੇ 'ਚ ਕੀ ਇੱਜ਼ਤ ਹੈ, ਜਿਸ ਤਹਿਤ ਪੰਜਾਬ ਪੁਲਿਸ ਸਰਕਾਰ ਦੇ ਨਿਰਦੇਸ਼ਾਂ 'ਤੇ ਉਸ ਨਾਲ ਅਤੇ ਪਰਿਵਾਰ ਨਾਲ ਮਾੜਾ ਵਤੀਰਾ ਕਰ ਰਹੀ ਹੈ, ਜਿਵੇਂ ਉਹ ਗੈਂਗਸਟਰ ਹੋਣ | ਪ੍ਰੰਤੂ ਉਨ੍ਹਾਂ ਨੂੰ ਪਤਾ ਨਹੀਂ ਕਿ ਸਰਕਾਰਾਂ ਸਦਾ ਨਹੀਂ ਰਹਿੰਦੀਆਂ ਸਭ ਨੂੰ ਜਵਾਬ ਦੇਣਾ ਪਵੇਗਾ | ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਉਨ੍ਹਾਂ 'ਤੇ ਪੰਜ ਝੂਠੇ ਪਰਚੇ ਦਰਜ ਕਰ ਦਿੱਤੇ ਹਨ | ਇਸ ਧੱਕੇਸ਼ਾਹੀ ਦੀ ਉਨ੍ਹਾਂ ਵੀਡੀਓ ਵੀ ਜਾਰੀ ਕੀਤੀ ਅਤੇ ਹੋਰ ਜਾਣਕਾਰੀ ਅਦਾਲਤ 'ਚ ਪੇਸ਼ ਕਰਨਗੇ | ਉਨ੍ਹਾਂ ਕਿਹਾ ਕਿ ਪਠਾਣਮਾਜਰਾ ਨੂੰ ਦਬਾਉਣ ਲਈ ਸੂਬਾ ਸਰਕਾਰ ਨੇ ਵਿਜੀਲੈਂਸ ਦੀ ਜਾਂਚ ਸ਼ੁਰੂ ਕੀਤੀ ਹੈ ਪਰ ਉਨ੍ਹਾਂ ਖ਼ਿਲਾਫ਼ ਕੁਝ ਵੀ ਨਹੀਂ ਮਿਲਣਾ | ਵਿਧਾਇਕ ਨੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੂੰ ਕਿਹਾ ਕਿ ਉਹ ਮਰਿਆਦਾ 'ਚ ਰਹਿ ਕੇ ਉਨ੍ਹਾਂ ਖ਼ਿਲਾਫ਼ ਬੋਲਣ | ਜੇਕਰ 'ਆਪ' ਸਰਕਾਰ ਇਨਸਾਫ਼ ਦੇਣ ਵਾਲੀ ਸਰਕਾਰ ਹੈ ਤਾਂ ਉਹ ਸਿਹਤ ਮੰਤਰੀ ਡਾ. ਬਲਬੀਰ ਸਿੰਘ ਖ਼ਿਲਾਫ਼ ਕੇਸ ਕਿਉਂ ਨਹੀਂ ਦਰਜ ਕਰ ਰਹੀ ਪਰ ਉਨ੍ਹਾਂ ਦੇ ਖ਼ਿਲਾਫ਼ ਪੁਰਾਣੇ ਕੇਸ ਦੀ ਡੀ.ਆਈ.ਜੀ. ਵਲੋਂ ਜਾਂਚ ਕਰਨ ਦੇ ਬਾਵਜੂਦ ਵੀ ਪੁਲਿਸ ਦੇ ਇਕ ਸਬ-ਇੰਸਪੈਕਟਰ ਨੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ, ਇਹ ਕਿਥੋਂ ਦਾ ਇਨਸਾਫ਼ ਹੈ? ਉਨ੍ਹਾਂ ਆਖਿਆ ਕਿ ਉਨ੍ਹਾਂ ਹਲਕਾ ਸਨੌਰ 'ਚ ਖੇਡ ਦੇ ਮੈਦਾਨ ਬਣਾਉਣ ਲਈ ਪਿੰਡਾਂ ਨੂੰ 10-10 ਲੱਖ ਰੁਪਏ ਦੇਣੇ ਸੀ ਪਰ ਹਲਕੇ ਦੇ ਨਵੇਂ ਇੰਚਾਰਜ ਨੇ ਸਾਰੇ ਕੰਮ ਬੰਦ ਕਰਨ ਦੇ ਨਾਲ ਉਨ੍ਹਾਂ ਦੇ ਹੱਕ 'ਚ ਬੋਲਣ ਵਾਲੇ ਬੰਦਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਸੂਬੇ ਦੇ ਵਿਧਾਇਕ ਇੰਨੇ ਡਰ ਚੁੱਕੇ ਹਨ ਕਿ ਉਸ ਦੇ ਪਰਿਵਾਰ ਦਾ ਪਤਾ ਲੈਣ ਵੀ ਨਹੀਂ ਆ ਰਹੇ, ਅਜਿਹੇ ਦੋਸਤਾਂ ਦਾ ਕੀ ਕਰਨਾ ਹੈ? ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਉਨ੍ਹਾਂ ਕੋਈ ਨਾਜਾਇਜ਼ ਮਾਈਨਿੰਗ ਨਹੀਂ ਕੀਤੀ ਅਤੇ ਨਾ ਹੀ ਕਿਸੇ ਖ਼ਿਲਾਫ਼ ਝੂਠੇ ਪਰਚੇ ਦਰਜ ਕਰਵਾਏ ਹਨ | ਇਹ ਸਾਰ ਦੋਸ਼ ਬੇਬੁਨਿਆਦ ਹਨ | ਉਕਤ ਸਾਰੇ ਕੇਸ ਦਾ ਜਵਾਬ ਉਹ ਵੀਡੀਓ ਨਾਲ ਅਦਾਲਤ 'ਚ ਪੇਸ਼ ਕਰਨਗੇ | ਜ਼ਿਕਰਯੋਗ ਹੈ ਕਿ ਦਿੱਲੀ ਵਾਲੇ ਆਗੂਆਂ ਦੇ ਖ਼ਿਲਾਫ਼ ਬੋਲਣ ਤੋਂ ਬਾਅਦ ਵਿਧਾਇਕ ਪਠਾਣਮਾਜਰਾ ਖ਼ਿਲਾਫ਼ ਚਾਰ ਸਾਲਾ ਤੋਂ ਚੱਲੇ ਆ ਰਹੇ ਮਾਮਲੇ 'ਚ ਥਾਣਾ ਸਿਵਲ ਲਾਈਨ ਪਟਿਆਲਾ 'ਚ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ, ਜਿਸ ਤਹਿਤ ਪੁਲਿਸ ਉਨ੍ਹਾਂ ਨੂੰ ਹਰਿਆਣਾ ਦੇ ਇਕ ਪਿੰਡ ਕਾਬੂ ਕਰਨ ਗਈ ਸੀ, ਜਿਥੇ ਉਹ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ | ਰੂਪੋਸ਼ ਹੋਏ ਵਿਧਾਇਕ ਵਲੋਂ ਹੁਣ ਤੱਕ ਚਾਰ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਕਰਕੇ 'ਆਪ' ਖ਼ਿਲਾਫ਼ ਗੰਭੀਰ ਦੋਸ਼ ਲਗਾਏ ਗਏ ਹਨ |
ਦਿੱਲੀ ਵਾਲੇ ਆਗੂਆਂ ਦੇ ਕਹਿਣ 'ਤੇ ਸਾਰਾ ਕੁਝ ਚੱਲ ਰਿਹਾ-ਪਠਾਣਮਾਜਰਾ
ਪਠਾਣਮਾਜਰਾ ਨੇ ਮੀਡੀਆ ਨੂੰ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਕੁਝ ਨਹੀਂ, ਸਾਰਾ ਕੁਝ ਦਿੱਲੀ ਵਾਲਿਆਂ ਦੀ ਆਗਿਆ ਅਤੇ ਕਹਿਣ ਅਨੁਸਾਰ ਚੱਲ ਰਿਹਾ ਹੈ | ਜੇਕਰ ਮੁੱਖ ਮੰਤਰੀ ਸਟੈਂਡ ਲੈਣ ਵਾਲਾ ਹੁੰਦਾ ਤਾਂ ਇਹ ਕੁਝ ਨਹੀਂ ਹੋਣਾ ਸੀ | ਪਹਿਲਾ ਜਾਰੀ ਕੀਤੀ ਵੀਡੀਓ 'ਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਪੰਜਾਬ ਦੇ ਵਿਧਾਇਕ ਦੇ ਹੱਥ ਪੱਲੇ ਕੁਝ ਵੀ ਨਹੀਂ ਹੈ | ਦਿੱਲੀ ਵਾਲਿਆਂ ਦੀ ਆਗਿਆ ਤੋਂ ਬਿਨਾਂ ਪੰਜਾਬ 'ਚ ਕੋਈ ਕੰਮ ਨਹੀਂ ਹੋ ਰਿਹਾ | ਵਿਧਾਇਕ ਨੇ ਕਿਹਾ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤੇ ਵੀ ਬੰਦ ਕਰ ਦਿੱਤੇ, ਜਿਵੇਂ ਕਿ ਉਹ ਗੈਂਗਸਟਰ ਹੋਣ |
ਆਮ ਆਦਮੀ ਪਾਰਟੀ ਨੇ ਵਿਧਾਇਕਾਂ ਦੀ ਕਦਰ ਕੀਤੀ ਖ਼ਤਮ-ਪਠਾਣਮਾਜਰਾ
ਅਜੀਤ ਡੈਸਕ
19-10-2025