ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ ਦੀ 21-ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦੇ ਛੇਵੇਂ ਦਿਨ 14 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ | ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਤਰਨ ਤਾਰਨ ਸੀਟ ਲਈ ਲਈ ਅੱਜ ਭਾਰਤੀ ਜਨਤਾ ਪਾਰਟੀ ਤੋਂ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਦੋ ਹੋਰ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਇਸ ਤੋਂ ਪਹਿਲਾਂ ਉਨ੍ਹਾਂ ਵਲੋਂ 17 ਅਕਤੂਬਰ ਨੂੰ ਵੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਸੀ | ਸੁੱਚਾ ਸਿੰਘ ਵਲੋਂ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਗਈ ਹੈ | ਉਥੇ ਹੀ ਲੀਨਾ ਸੰਧੂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ | ਇਸ ਤੋਂ ਇਲਾਵਾ ਅਰੁਨ ਕੁਮਾਰ ਖੁਰਮੀ ਨੇ ਵੀ ਆਪਣੇ ਕਾਗ਼ਜ਼ ਦਾਖਿਲ ਕੀਤੇ ਅਤੇ ਨੈਸ਼ਨਲਿਟਸ ਜਸਟਿਸ ਪਾਰਟੀ ਵਲੋਂ ਨਾਇਬ ਸਿੰਘ ਨੇ ਨਾਮਜ਼ਦਗੀ ਦਾਖਲ ਕੀਤੀ ਹੈ, ਜਦਕਿ ਹਰਪਾਲ ਸਿੰਘ, ਹਰਬਰਿੰਦਰ ਕੌਰ, ਕੋਮਲਪ੍ਰੀਤ ਸਿੰਘ, ਨੀਟੂ, ਵਿਜੈ ਕੁਮਾਰ, ਮਨਦੀਪ ਸਿੰਘ, ਨਿਰਮਲ ਕੌਰ ਅਤੇ ਜਸਵੰਤ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ |