ਅਗਵਾਕਾਰਾਂ ਨੇ 7 ਲੱਖ 20 ਹਜ਼ਾਰ ਦੀ ਫਿਰੌਤੀ ਲੈਣ ਤੋਂ ਬਾਅਦ ਛੱਡੇ ਸਨ ਬਿਜਲੀ ਅਧਿਕਾਰੀ
ਮੁੱਲਾਂਪੁਰ-ਦਾਖਾ, 18 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਰਾਜ ਪਾਵਰਕਾਮ ਅਧੀਨ ਬਿਜਲੀ ਮੰਡਲ ਦਾਖਾ ਦੇ ਐਕਸੀਅਨ ਦਫ਼ਤਰ ਵਿਖੇ ਐੱਸ.ਡੀ.ਓ. ਅਤੇ ਜੇ.ਈ. ਕੋਲ ਜਾਅਲੀ ਵਿਜੀਲੈਂਸ (ਐੱਸ.ਟੀ.ਐੱਫ.) ਅਧਿਕਾਰੀ ਬਣ ਕੇ ਦੋਵਾਂ ਨੂੰ ਗਿ੍ਫ਼ਤਾਰ ਕਰਨ ਉਪਰੰਤ 7 ਲੱਖ 20 ਹਜ਼ਾਰ ਦੀ ਰਿਸ਼ਵਤ ਲੈਣ ਬਾਅਦ ਛੱਡ ਕੇ ਭੱਜ ਨਿਕਲੇ ਚਾਰਾਂ ਅਗਵਾਕਾਰਾਂ 'ਚੋਂ 2 ਵਿਅਕਤੀ ਦਾਖਾ ਪੁਲਿਸ ਨੇ ਕਾਬੂ ਕਰ ਲਏ ਹਨ | ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਦੀ ਸਬ ਡਵੀਜ਼ਨ ਦਾਖਾ ਵਿਖੇ ਤਾਇਨਾਤ ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਗਿ੍ਫ਼ਤਾਰ ਵਿਅਕਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਆਪਣੇ ਆਪ ਨੂੰ ਵਿਜੀਲੈਂਸ ਅਧਿਕਾਰੀ ਆਖ ਕੇ ਬਿਜਲੀ ਮੰਡਲ ਦਾਖਾ ਐੱਸ.ਡੀ.ਓ. ਜਸਕਿਰਨਪ੍ਰੀਤ ਸਿੰਘ ਤੇ ਜੇ.ਈ. ਪਰਮਿੰਦਰ ਸਿੰਘ ਨੂੰ ਪਹਿਲਾਂ ਸਰਕਾਰੀ ਦਫ਼ਤਰ 'ਚੋਂ ਅਗਵਾ ਕਰਨ ਅਤੇ ਫਿਰ ਫਿਰੌਤੀ ਲੈ ਕੇ ਛੱਡਣ ਵਾਲੇ ਵਿਅਕਤੀਆਂ ਬਾਰੇ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਸੀ | ਡੀ.ਐੱਸ.ਪੀ. ਖੋਸਾ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵਲੋਂ ਐੱਸ.ਡੀ.ਓ. ਤੇ ਜੇ.ਈ. ਖ਼ਿਲਾਫ਼ ਕੰਮ ਬਦਲੇ ਰਿਸ਼ਵਤ ਲੈਣ ਦਾ ਮਾਮਲਾ ਵਿਜੀਲੈਂਸ ਕੋਲ ਦਰਜ ਹੋਣ ਬਾਰੇ ਕਿਹਾ ਗਿਆ ਸੀ | ਅਗਵਾ ਕੀਤੇ ਬਿਜਲੀ ਅਧਿਕਾਰੀਆਂ ਕੋਲੋਂ ਆਪਣੇ ਪਰਿਵਾਰਾਂ ਨੂੰ ਫ਼ੋਨ ਕਰਵਾਇਆ ਗਿਆ ਕਿ ਵਿਜੀਲੈਂਸ ਵਲੋਂ ਸਾਡੇ ਵਿਰੁੱਧ ਭਿ੍ਸ਼ਟਾਚਾਰ ਦਾ ਮਾਮਲਾ ਦਰਜ ਹੋਣ ਲੱਗਾ ਹੈ, ਜਿਸ ਨੂੰ ਰੋਕਣ ਲਈ ਪੈਸਿਆਂ ਦਾ ਪ੍ਰਬੰਧ ਕੀਤਾ ਜਾਵੇ | ਥੋੜ੍ਹੇ ਸਮੇਂ ਬਾਅਦ ਬਿਜਲੀ ਅਧਿਕਾਰੀਆਂ ਦੇ ਅਗਵਾਕਾਰਾਂ ਨੂੰ ਲੁਧਿਆਣਾ ਵਿਖੇ 7 ਲੱਖ 20 ਹਜ਼ਾਰ ਮਿਲ ਜਾਣ 'ਤੇ ਉਕਤ ਦੋਵਾਂ ਨੂੰ ਚੰਡੀਗੜ੍ਹ ਨੰਬਰ ਸੀ.ਐੱਚ. 01 ਬੀ.ਏ. 2866 ਆਪਣੀ ਕੋਰੋਲਾ ਕਾਰ 'ਚੋਂ ਉਤਾਰ ਕੇ ਚਾਰੇ ਰਫੂਚੱਕਰ ਹੋ ਗਏ | ਜਾਅਲੀ ਵਿਜੀਲੈਂਸ ਮੁਲਾਜ਼ਮ (ਅਗਵਾਕਾਰਾਂ) ਦੇ ਚੁੰਗਲ 'ਚੋਂ ਛੁੱਟ ਕੇ ਪਾਵਰਕਾਮ ਦੇ ਐੱਸ.ਡੀ.ਓ ਤੇ ਜੇ.ਈ. ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ | ਉਪਰੋਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਤੇ ਐੱਸ.ਐੱਚ.ਓ. ਹਮਰਾਜ ਸਿੰਘ ਚੀਮਾ ਦੀ ਪੁਲਿਸ ਵਲੋਂ ਫ਼ੋਨ ਲੋਕੇਸ਼ਨ, ਇੰਸਟਾਗ੍ਰਾਮ ਆਈ.ਡੀ. ਤੇ ਹੋਰ ਸਰੋਤਾਂ ਦੇ ਜ਼ਰੀਏ ਕੁਝ ਅਗਵਾਕਾਰਾਂ ਨੂੰ ਪਟਿਆਲਾ ਤੋਂ ਗਿ੍ਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਰਾਜਵੀਰ ਉਰਫ਼ ਅਮਨ ਰਾਜਪੂਤ ਵਾਸੀ ਰਣਜੀਤ ਨਗਰ ਪਟਿਆਲਾ ਅਤੇ ਗੁਰਵਿੰਦਰ ਸਿੰਘ ਉਰਫ਼ ਇੰਸਪੈਕਟਰ ਗਗਨ ਉਰਫ਼ ਗੁਰਿੰਦਰ ਗਿੱਲ ਵਾਸੀ ਝਿੱਲ ਥਾਣਾ ਤਿ੍ਪੜੀ ਜ਼ਿਲ੍ਹਾ ਪਟਿਆਲਾ ਵਜੋਂ ਹੋਈ | ਦੋਵਾਂ ਦੇ ਕਬਜ਼ੇ 'ਚੋਂ ਪੁਲਿਸ ਨੂੰ 2 ਇਨੋਵਾ ਗੱਡੀਆਂ, 2 ਮੋਬਾਈਲ ਅਤੇ 2 ਮੀਡੀਆ ਕਾਰਡ ਬਰਾਮਦ ਹੋਏ | ਡੀ.ਐੱਸ.ਪੀ. ਅਨੁਸਾਰ ਪੁਲਿਸ ਗਿ੍ਫ਼ਤ ਤੋਂ ਦੂਰ ਵਿਨੇ ਅਰੋੜਾ ਵਾਸੀ ਕਿਲ੍ਹਾ ਚੌਕ ਪਟਿਆਲਾ ਅਤੇ ਬ੍ਰਹਮਪ੍ਰੀਤ ਸਿੰਘ ਵਾਸੀ ਸਫਾਵਾਦੀ ਗੇਟ ਪਟਿਆਲਾ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ |
ਜਾਅਲੀ ਵਿਜੀਲੈਂਸ ਅਧਿਕਾਰੀ ਬਣ ਕੇ ਐੱਸ.ਡੀ.ਓ. ਤੇ ਜੇ.ਈ. ਨੂੰ ਅਗਵਾ ਕਰਨ ਵਾਲੇ 2 ਗਿ੍ਫ਼ਤਾਰ-2 ਫ਼ਰਾਰ
ਅਜੀਤ ਡੈਸਕ
19-10-2025