ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਾਣਿਆਂ ਹਾਲ
ਸ੍ਰੀ ਅਨੰਦਪੁਰ ਸਾਹਿਬ, 19 ਅਕਤੂਬਰ (ਕਰਨੈਲ ਸਿੰਘ)-ਉਘੇ ਸਿੱਖ ਵਿਦਵਾਨ ਅਤੇ ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਸਡਜ ਸਿੱਖ ਸਟੱਡੀਜ਼ ਦੇ ਮੁਖੀ ਭਾਈ ਹਰਿਸਿਮਰਨ ਸਿੰਘ ਨੂੰ ਖ਼ੂਨ ਦਾ ਦਬਾਅ ਵਧਣ ਤੋਂ ਬਾਅਦ ਦਿਮਾਗ਼ ਦੀ ਨਾੜੀ ਫੱਟਣ ਕਾਰਨ ਅਧਰੰਗ ਦਾ ਸ਼ਿਕਾਰ ਹੋਏ ਹਨ | ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ | ਉਨ੍ਹਾਂ ਦੇ ਸਪੁੱਤਰ ਅਤੇ ਬਚੋਲੀ ਫਾਰਮਜ ਦੇ ਮਾਲਕ ਬੀਰਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਐਤਵਾਰ 12 ਅਕਤੂਬਰ ਨੂੰ ਉਨ੍ਹਾਂ ਦੇ ਖ਼ੂਨ ਦਾ ਦਬਾਓ ਅਚਾਨਕ ਵੱਧਣ ਕਾਰਨ ਦਿਮਾਗ਼ ਦੀ ਨਾੜੀ ਫੱਟ ਗਈ ਸੀ ਅਤੇ ਅਧਰੰਗ ਦੀ ਸ਼ਿਕਾਇਤ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਅਤੇ ਫਿਰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਉਨ੍ਹਾਂ ਨੂੰ 16 ਅਕਤੂਬਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ | ਦੱਸਣਯੋਗ ਹੈ ਕਿ ਭਾਈ ਹਰਿਸਿਮਰਨ ਸਿੰਘ ਵਲੋਂ 19 ਕਿਤਾਬਾਂ ਲਿਖ ਕੇ ਸਿੱਖ ਪੰਥ ਦੀ ਝੋਲੀ ਵਿਚ ਪਾਈਆਂ ਗਈਆਂ ਸਨ | ਇਨ੍ਹਾਂ ਕਿਤਾਬਾਂ ਰਾਹੀਂ ਸਿੱਖ ਪੰਥ ਅਤੇ ਗੁਰਧਾਮਾਂ ਦੇ ਪ੍ਰਬੰਧ ਵਿਚ ਸੁਧਾਰ ਅਤੇ ਭਵਿੱਖ ਦੀ ਰਣਨੀਤੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ | ਉਹ ਆਪਣੀ 20ਵੀਂ ਪੁਸਤਕ ਸਵੈ-ਜੀਵਨੀ ਲਿਖ ਕੇ ਮੁਕੰਮਲ ਕਰ ਦਿੱਤੀ ਸੀ, ਜਿਸ ਨੂੰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ਜਾਰੀ ਕੀਤਾ ਜਾਣਾ ਸੀ | ਹਾਲ ਚਾਲ ਜਾਨਣ ਲਈ ਪਹੁੰਚੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਈ ਹਰਿਸਿਮਰਨ ਸਿੰਘ ਸਿੱਖ ਪੰਥ ਦੀ ਬਹੁਤ ਵੱਡੀ ਸ਼ਖ਼ਸੀਅਤ ਹਨ ਅਤੇ ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਸਿੱਖ ਪੰਥ ਦੀ ਝੋਲੀ ਵਿਚ ਬਹੁਤ ਕੀਮਤੀ ਸਾਹਿੱਤ ਦਿੱਤਾ ਹੈ |
ਉੱਘੇ ਸਿੱਖ ਵਿਦਵਾਨ ਭਾਈ ਹਰਿਸਿਮਰਨ ਸਿੰਘ ਦਿਮਾਗ਼ ਦੀ ਨਾੜੀ ਫੱਟਣ ਕਾਰਨ ਹੋਏ ਅਧਰੰਗ ਦਾ ਸ਼ਿਕਾਰ <br/>
ਅਜੀਤ ਡੈਸਕ
20-10-2025