ਅੰਮਿ੍ਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਚੀਨ ਦੇ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਆਪਣਾ ਪਹਿਲਾ ਹਾਈਪਰਸਪੈਕਟ੍ਰਲ ਸੈਟੇਲਾਈਟ ਐੱਚ. ਐੱਸ.-1 ਪੁਲਾੜ 'ਚ ਲਾਂਚ ਕੀਤਾ ਹੈ | ਮਿਸ਼ਨ ਦੀ ਨਿਗਰਾਨੀ ਲਈ ਪਾਕਿਸਤਾਨੀ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਇਕ ਟੀਮ ਲਾਂਚ ਸਾਈਟ 'ਤੇ ਮੌਜੂਦ ਸੀ | ਸਪੇਸ ਐਂਡ ਅਪਰ ਐਟਮੋਸਫੀਅਰ ਰਿਸਰਚ ਕਮਿਸ਼ਨ (ਸੁਪਾਰਕੋ) ਦੇ ਅਨੁਸਾਰ ਸੈਟੇਲਾਈਟ ਆਪਣੀ ਸਫ਼ਲ ਤਾਇਨਾਤੀ ਤੋਂ ਬਾਅਦ ਦੋ ਮਹੀਨਿਆਂ ਲਈ ਪੁਲਾੜ ਟੈਸਟਿੰਗ 'ਚੋਂ ਗੁਜ਼ਰੇਗਾ | ਦੱਸਿਆ ਜਾ ਰਿਹਾ ਹੈ ਕਿ 'ਹਾਈਪਰਸਪੈਕਟ੍ਰਲ ਸੈਟੇਲਾਈਟ' ਨੂੰ ਹੜ੍ਹਾਂ, ਜ਼ਮੀਨ ਖਿਸਕਣ ਅਤੇ ਹੋਰ ਕੁਦਰਤੀ ਆਫ਼ਤਾਂ ਦੀ ਭਵਿੱਖਬਾਣੀ ਕਰਨ 'ਚ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ, ਜਦੋਂਕਿ ਇਹ ਵਾਤਾਵਰਨ ਨਿਗਰਾਨੀ ਅਤੇ ਭੂ-ਵਿਗਿਆਨਕ ਜੋਖਮਾਂ ਦਾ ਜਲਦੀ ਪਤਾ ਲਗਾਉਣ 'ਚ ਵੀ ਯੋਗਦਾਨ ਪਾਵੇਗਾ | ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਹ ਮਿਸ਼ਨ ਪਾਕਿ ਦੀ ਰਾਸ਼ਟਰੀ ਪੁਲਾੜ ਨੀਤੀ ਅਤੇ ਵਿਜ਼ਨ 2047 ਦੇ ਤਹਿਤ ਇਕ ਵੱਡਾ ਮੀਲ ਪੱਥਰ ਹੈ | ਜ਼ਿਕਰਯੋਗ ਹੈ ਕਿ ਚੀਨ ਨੇ ਅੱਜ ਇਕੋ ਸਮੇਂ ਇਕ ਪਾਕਿਸਤਾਨੀ ਰਿਮੋਟ ਸੈਂਸਿੰਗ ਉਪਗ੍ਰਹਿ ਅਤੇ ਆਪਣੇ ਦੋ ਉਪਗ੍ਰਹਿ ਪੁਲਾੜ 'ਚ ਲਾਂਚ ਕੀਤੇ ਹਨ |
ਪਾਕਿ ਨੇ ਪਹਿਲਾ 'ਹਾਈਪਰਸਪੈਕਟ੍ਰਲ ਸੈਟੇਲਾਈਟ' ਕੀਤਾ ਲਾਂਚ <br/>
ਅਜੀਤ ਡੈਸਕ
20-10-2025