ਟਰੰਪ ਨੇ ਕੋਲੰਬੀਆ ਦੇ ਰਾਸ਼ਟਰਪਤੀ ਨੂੰ ਕਿਹਾ 'ਡਰੱਗ ਡੀਲਰ'
ਅਜੀਤ ਡੈਸਕ
20-10-2025
ਅਮਰੀਕੀ ਸਹਾਇਤਾ ਰੋਕਣ ਦਾ ਕੀਤਾ ਐਲਾਨ
ਪਾਮ ਬੀਚ, 19 ਅਕਤੂਬਰ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੇਤਰੋ 'ਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੂੰ 'ਗੈਰਕਾਨੂੰਨੀ ਡਰੱਗ ਡੀਲਰ' ਕਰਾਰ ਦਿੱਤਾ ਅਤੇ ਕਿਹਾ ਕਿ ਉਹ ਕੋਲੰਬੀਆ ਨੂੰ ਮਿਲਣ ਵਾਲੀ ਅਮਰੀਕੀ ਸਹਾਇਤਾ ਬੰਦ ਕਰ ਦੇਣਗੇ | ਫਲੋਰੀਡਾ 'ਚ ਆਪਣੇ ਮਾਰ-ਏ-ਲਾਗੋ ਰਿਜ਼ਾਰਟ ਤੋਂ ਕੀਤੀ ਸੋਸ਼ਲ ਮੀਡੀਆ ਪੋਸਟ 'ਚ ਟਰੰਪ ਨੇ ਕਿਹਾ ਕਿ ਪੇਤਰੋ ਬੇਹੱਦ ਕਮਜ਼ੋਰ ਨੇਤਾ ਹਨ, ਜੋ ਦੇਸ਼ 'ਚ ਨਸ਼ੀਲੇ ਪਦਾਰਥਾਂ ਨੂੰ ਰੋਕਣ ਲਈ ਕੁਝ ਨਹੀਂ ਕਰਦੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੇਤਰੋ ਨੇ ਨਸ਼ੇ ਦੇ ਕਾਰੋਬਾਰ ਨੂੰ ਨਹੀਂ ਰੋਕਿਆ ਤਾਂ ਅਮਰੀਕਾ ਖੁਦ ਇਸ ਨੂੰ ਬੰਦ ਕਰ ਦੇਵੇਗਾ | ਟਰੰਪ ਨੇ ਕਿਹਾ ਕਿ ਪੇਤਰੋ ਦੇਸ਼ 'ਚ ਵੱਡੇ ਤੇ ਛੋਟੇ ਪੱਧਰ 'ਤੇ ਨਸ਼ੇ ਦੇ ਉਤਪਾਦਨ ਨੂੰ ਉਤਸ਼ਾਹਿਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਅਮਰੀਕਾ ਪਹਿਲਾਂ ਹੀ ਕੋਲੰਬੀਆ ਨੂੰ ਵੱਡੀ ਰਕਮ ਤੇ ਸਬਸਿਡੀ ਦੇ ਚੁੱਕਾ ਹੈ, ਪਰ ਇਸ ਦੇ ਬਾਵਜੂਦ ਪੇਤਰੋ ਕੁਝ ਨਹੀਂ ਕਰ ਰਹੇ | ਟਰੰਪ ਨੇ ਕਿਹਾ ਕਿ ਅੱਜ ਤੋਂ ਇਹ ਭੁਗਤਾਨ ਜਾਂ ਸਬਸਿਡੀ ਕੋਲੰਬੀਆ ਨੂੰ ਨਹੀਂ ਦਿੱਤੀ ਜਾਏਗੀ | ਉਨ੍ਹਾਂ ਪੇਤਰੋ 'ਤੇ ਅਣ-ਉਚਿਤ ਵਿਵਹਾਰ ਕਰਨ ਦਾ ਵੀ ਦੋਸ਼ ਲਗਾਇਆ | ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਤੇ ਕੋਲੰਬੀਆ ਵਿਚਾਲੇ ਤਣਾਅ ਪਿਛਲੇ ਕੁਝ ਸਮੇਂ ਤੋਂ ਵੱਧ ਰਿਹਾ ਹੈ |