ਪੰਜਾਬ ਦੇ ਕਿਸਾਨਾਂ ਲਈ ਕੇਂਦਰ ਵਲੋਂ ਰਾਹਤ ਦੇ ਸੰਕੇਤ <br/>
ਅਜੀਤ ਡੈਸਕ
20-10-2025
ਹੜ੍ਹਾਂ ਕਾਰਨ 5 ਲੱਖ ਏਕੜ ਫ਼ਸਲ ਹੋਈ ਸੀ ਤਬਾਹ
ਹੜ੍ਹ ਅਤੇ ਲਗਾਤਾਰ ਭਾਰੀ ਮੀਂਹ ਕਾਰਨ ਸੂਬੇ 'ਚ ਲਗਭਗ 5 ਲੱਖ ਏਕੜ ਖੇਤੀਬਾੜੀ ਜ਼ਮੀਨ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ, ਜਦਕਿ ਜੋ ਫ਼ਸਲ ਬਚ ਗਈ, ਉਸ ਦੀ ਗੁਣਵੱਤਾ 'ਤੇ ਵੀ ਭਾਰੀ ਅਸਰ ਪਿਆ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਕੇਂਦਰ ਸਰਕਾਰ ਖਰੀਦ ਮਾਪਦੰਡਾਂ 'ਚ ਢਿੱਲ ਦਿੰਦੀ ਹੈ ਤਾਂ ਹਜ਼ਾਰਾਂ ਕਿਸਾਨਾਂ ਨੂੰ ਵੱਡਾ ਆਰਥਿਕ ਲਾਭ ਮਿਲੇਗਾ | ਜ਼ਿਕਰਯੋਗ ਹੈ ਕਿ ਅਗਸਤ ਮਹੀਨੇ 'ਚ ਆਏ ਹੜ੍ਹਾਂ ਕਾਰਨ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਤਬਾਹੀ ਹੋਈ ਸੀ | ਡੈਮਾਂ 'ਚੋਂ ਛੱਡੇ ਪਾਣੀ ਨਾਲ ਦਰਿਆਵਾਂ 'ਚ ਉਫ਼ਾਨ ਆ ਗਿਆ ਸੀ, ਜਦਕਿ ਸਤੰਬਰ ਮਹੀਨੇ 'ਚ ਵੀ ਹਾਲਾਤ ਗੰਭੀਰ ਰਹੇ | ਇਸ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ 5 ਸਤੰਬਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਸਤੰਬਰ ਨੂੰ ਪੰਜਾਬ ਆ ਕੇ 1600 ਕਰੋੜ ਰੁਪਏ ਦੇ ਰੀਲਿਫ਼ ਪੈਕੇਜ ਦਾ ਐਲਾਨ ਕੀਤਾ ਸੀ |
ਦੂਜੇ ਪਾਸੇ, ਪੰਜਾਬ ਸਰਕਾਰ ਵਲੋਂ ਪ੍ਰਤੀ ਏਕੜ 20 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਨਾਲਾ (ਅੰਮਿ੍ਤਸਰ) ਤੋਂ ਕੀਤੀ ਸੀ | ਇਸ ਤੋਂ ਬਾਅਦ ਸੂਬੇ ਦੇ ਕੈਬਨਿਟ ਮੰਤਰੀ ਵੱਖ-ਵੱਖ ਜ਼ਿਲਿ੍ਹਆਂ 'ਚ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਵੰਡ ਰਹੇ ਹਨ | ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰੀ ਕੇਂਦਰ ਸਰਕਾਰ ਵਲੋਂ ਝੋਨੇ ਦੀ ਖਰੀਦ ਦੇ ਨਿਯਮਾਂ 'ਚ ਵਿਸ਼ੇਸ਼ ਰਾਹਤ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਸਹਾਇਤਾ ਦਿੱਤੀ ਜਾ ਸਕਦੀ ਹੈ |