ਅੰਮਿ੍ਤਸਰ, 3 ਨਵੰਬਰ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਸ਼ੋ੍ਰਮਣੀ ਕਮੇਟੀ ਦੇ ਅੱਜ ਲਗਾਤਾਰ ਪੰਜਵੀਂ ਵਾਰ ਪ੍ਰਧਾਨ ਚੁਣੇ ਗਏ ਸ: ਹਰਜਿੰਦਰ ਸਿੰਘ ਧਾਮੀ ਆਪਣੀ ਨਿਮਰਤਾ, ਸਾਦਗੀ, ਈਮਾਨਦਾਰ ਤੇ ਸਾਫ਼ਗੋਈ ਲਈ ਜਾਣੇ ਜਾਂਦੇ ਹਨ | ਸਿੱਖ ਸੰਸਥਾਵਾਂ ਵਿਚ ਚੰਗਾ ਅਸਰ ਰਸੂਖ ਰੱਖਣ ਵਾਲੇ ਸ: ਧਾਮੀ ਸਾਲ 1996 ਵਿਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਸਨ ਅਤੇ ਉਦੋਂ ਤੋਂ ਹੁਣ ਤੱਕ ਲਗਾਤਾਰ ਮੈਂਬਰ ਬਣਦੇ ਆ ਰਹੇ ਹਨ | ਸਾਲ 2019 ਵਿਚ ਉਹ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਬਣੇ, ਫਿਰ 2020 ਵਿਚ ਉਹ ਇਸ ਸੰਸਥਾ ਦੇ ਮੁੱਖ ਸਕੱਤਰ ਰਹੇ | ਸਾਲ 2021 ਵਿਚ ਅਕਾਲੀ ਦਲ ਬਾਦਲ ਵਲੋਂ ਉਨ੍ਹਾਂ ਦੇ ਮੋਢਿਆਂ 'ਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਪਾਈ, ਜਿਸ ਨੂੰ ਉਨ੍ਹਾਂ ਤਨਦੇਹੀ ਤੇ ਗੁਰੂ ਦੀ ਭੈਅ ਭਾਵਨੀ ਵਿਚ ਨਿਭਾਇਆ ਜਿਸ ਦਾ ਸਦਕਾ ਪਾਰਟੀ ਤੇ ਪਾਰਟੀ ਨਾਲ ਸੰਬੰਧਿਤ ਮੈਂਬਰਾਂ ਨੇ 2022, 2023 ਅਤੇ 2024 ਵਿਚ ਪ੍ਰਧਾਨਗੀ ਲਈ ਫਤਵਾ ਦਿੱਤਾ | ਇਨ੍ਹਾਂ ਵਰਿ੍ਹਆਂ ਦੌਰਾਨ ਉਨ੍ਹਾਂ ਬੀਬੀ ਜਗੀਰ ਕੌਰ, ਮਿੱਠੂ ਸਿੰਘ ਕਾਹਨੇਕੇ ਤੇ ਸੰਤ ਬਲਬੀਰ ਸਿੰਘ ਘੁੰਨਸ ਨੂੰ ਹਰਾਇਆ | ਭਾਵੇਂ ਉਨ੍ਹਾਂ ਦੇ ਪਿਛਲੇ ਵਰ੍ਹੇ ਦੇ ਕਾਰਜ ਕਾਲ ਦੌਰਾਨ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਉਨ੍ਹਾਂ ਦੀਆਂ ਭੁੱਲਾਂ-ਗਲਤੀਆਂ ਲਈ ਧਾਰਮਿਕ ਤਨਖਾਹ ਲਗਾਈ ਗਈ ਤੇ ਇਸ ਉਪ੍ਰੰਤ ਤਿੰਨ ਜਥੇਦਾਰਾਂ ਨੂੰ ਵੀ ਅਹੁਦਿਆਂ ਤੋਂ ਫਾਰਗ ਕੀਤਾ ਗਿਆ ਪਰ ਸ: ਧਾਮੀ ਇਸ ਦੇ ਬਾਵਜੂਦ ਆਪਣਾ ਮਾਣ ਸਤਿਕਾਰ ਕਾਇਮ ਰੱਖਣ ਵਿਚ ਸਫ਼ਲ ਰਹੇ ਹਨ | ਮੈਂਬਰਾਂ ਅਤੇ ਪੰਥਕ ਜਥੇਬੰਦੀਆਂ ਵਿਚ ਉਨ੍ਹਾਂ ਦੇ ਮਾਣ ਸਤਿਕਾਰ ਨੂੰ ਦੇਖਦਿਆਂ ਹੋਇਆਂ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਹੋਰ ਲੀਡਰਸ਼ਿਪ ਵਲੋਂ ਉੁਨ੍ਹਾਂ ਨੂੰ ਹੀ ਪੰਜਵੀਂ ਵਾਰ ਇਸ ਸੰਸਥਾ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ, ਜਿਸ ਦੌਰਾਨ ਉਹ ਆਪਣੇ ਵਿਰੋਧੀ ਉਮੀਦਵਾਰ ਮਿੱਠੂ ਸਿੰਘ ਕਾਹਨੇਕੇ ਨੂੰ ਵੱਡੇ ਫਰਕ ਨਾਲ ਹਰਾ ਕੇ ਪੰਥਕ ਹਲਕਿਆਂ ਵਿਚ ਆਪਣੀ ਹਰਮਨ ਪਿਆਰਤਾ ਵਿਚ ਹੋਰ ਵਾਧਾ ਕੀਤਾ ਹੈ | ਭਾਵੇਂ ਧਾਮੀ ਪੰਜਵੀਂ ਵਾਰ ਮੁੜ ਚੋਣ ਜਿੱਤ ਗਏ ਹਨ ਪਰ ਅਜੇ ਵੀ ਬੰਦੀ ਸਿੰਘਾਂ ਦੀ ਰਿਹਾਈ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਾਉਣ ਅਤੇ 350 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮੂਹ ਪੰਥਕ ਧਿਰਾਂ ਦੇ ਸਹਿਯੋਗ ਨਾਲ ਮਨਾਉਣ ਸਮੇਤ ਸਿੱਖ ਪੰਥ ਨੂੰ ਦਰਪੇਸ਼ ਅਨੇਕਾਂ ਚੁਣੌਤੀਆਂ ਉਨ੍ਹਾਂ ਸਾਹਮਣੇ ਮੂੰਹ ਅੱਡੀ ਖੜ੍ਹੀਆਂ ਹਨ |
ਪ੍ਰਧਾਨਗੀ ਸਮੇਤ ਲਗਾਤਾਰ 7 ਵਰਿ੍ਹਆਂ ਤੋਂ ਸ਼ੋ੍ਰਮਣੀ ਕਮੇਟੀ 'ਚ ਅਹਿਮ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਰਹੇ ਧਾਮੀ <br/>
ਅਜੀਤ ਡੈਸਕ
04-11-2025