ਕਪੂਰਥਲਾ, 4 ਨਵੰਬਰ (ਅਮਰਜੀਤ ਕੋਮਲ)-ਨਿਹੰਗ ਸਿੰਘ ਜਥੇਬੰਦੀਆਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚੱਲਦਾ ਵਹੀਰ ਚੱਕਰਵਰਤੀ ਦੇ 14ਵੇਂ ਮੁਖੀ ਸ਼ੋ੍ਰਮਣੀ ਸੇਵਾ ਰਤਨ, ਸ਼ੋ੍ਰਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਵਲੋਂ ਸਮੂਹ ਨਿਹੰਗ ਸਿੰਘ ਦਲ ਪੰਥ ਤੇ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ 6 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸੇ ਸੰਬੰਧ ਵਿਚ ਅੱਜ ਪੁਰਾਤਨ ਰਿਵਾਇਤ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਅੱਜ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਾਰ ਜਥੇਦਾਰ ਨਵਾਬ ਕਪੂਰ ਸਿੰਘ ਛਾਉਣੀ ਨਿਹੰਗ ਸਿੰਘ ਬੁੱਢਾ ਦਲ ਸਾਹਮਣੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਚ ਆਰੰਭ ਹੋਏ, ਜਿਨ੍ਹਾਂ ਦੇ ਭੋਗ 6 ਨਵੰਬਰ ਨੂੰ ਸਾਢੇ 10 ਵਜੇ ਪੈਣਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੁੱਢਾ ਦਲ ਦੇ ਮੈਨੇਜਰ ਪਰਮਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਸਮਾਗਮ ਦੇ ਸੰਬੰਧ ਵਿਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਬੁੱਢਾ ਦਲ ਦੇ ਮੈਨੇਜਰ ਨੇ ਦੱਸਿਆ ਕਿ ਸਮਾਗਮ ਵਿਚ ਬਾਬਾ ਜੋਗਾ ਸਿੰਘ ਮੁਖੀ ਮਿਸਲ ਬਾਬਾ ਦੀਪ ਸਿੰਘ ਸ਼ਹੀਦ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਮੁਖੀ ਬਾਬਾ ਬਿਧੀ ਚੰਦ ਤਰਨਾ ਦਲ ਸੁਰਸਿੰਘ ਵਾਲੇ, ਬਾਬਾ ਨਿਹਾਲ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ ਵਾਲੇ ਤੇ ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਤਰਨਾ ਦਲ ਤੋਂ ਇਲਾਵਾ ਹੋਰ ਨਿਹੰਗ ਸਿੰਘ ਜਥੇਬੰਦੀਆਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੀਆਂ |