ਗੁੱਜਰਾਂਵਾਲਾ 'ਚ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦੀ ਨਵਉਸਾਰੀ ਅੰਤਿਮ ਪੜਾਅ 'ਚ
ਅੰਮਿ੍ਤਸਰ, 17 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਗੁੱਜਰਾਂਵਾਲਾ ਦੀ ਤਹਿਸੀਲ ਨੌਸ਼ਹਿਰਾ ਵਿਰਕਾਂ ਦੇ ਪਿੰਡ ਮੱਟੂ ਭਾਈ ਕੇ ਵਿਚਲੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦਗਾਰ ਗੁਰਦੁਆਰਾ ਖਾਰਾ ਸਾਹਿਬ ਦੀ ਸੰਨ 1947 ਦੇ ਬਾਅਦ ਪਹਿਲੀ ਵਾਰ ਮੁਰੰਮਤ ਅਤੇ ਰੱਖ-ਰਖਾਅ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ | ਮੌਕੇ 'ਤੇ ਪਹੁੰਚੇ ਪੰਜਾਬੀ ਭਾਸ਼ਾ ਸਨੇਹੀਆਂ ਮੁਹੰਮਦ ਤਨਵੀਰ ਅਤੇ ਸਾਕਿਬ ਪੰਜਾਬੀ (ਹਰਮਨ ਪਿਆਰਾ) ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰੇ ਦੀ ਚਲ ਰਹੀ ਮੁਰੰਮਤ ਦੌਰਾਨ ਪੁਰਾਣੇ ਢਾਂਚੇ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅੰਦਰ-ਬਾਹਰ ਦੀਆਂ ਕੰਧਾਂ 'ਤੇ ਉੱਕਰੇ ਸਿੱਖ ਧਾਰਮਿਕ ਚਿੰਨ੍ਹ ਅਤੇ ਦਾਨੀਆਂ ਦੇ ਨਾਵਾਂ ਦੀਆਂ ਪੱਥਰ ਦੀਆਂ ਸਿਲਾਂ ਅੱਜ ਵੀ ਪੁਰਾਣੀ ਹਾਲਤ 'ਚ ਮੌਜੂਦ ਹਨ ਅਤੇ ਆਸਾਨੀ ਨਾਲ ਪੜ੍ਹੀਆਂ ਜਾ ਸਕਦੀਆਂ ਹਨ | ਇਸ ਤੋਂ ਇਲਾਵਾ ਜ਼ਿਲ੍ਹਾ ਗੁੱਜਰਾਂਵਾਲਾ ਵਿਚਲੀ ਮੱਛੀ ਮੰਡੀ ਤੇ ਪੁਰਾਣੀ ਸਬਜ਼ੀ ਮੰਡੀ 'ਚ ਸਥਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦੀ ਕਰਵਾਈ ਜਾ ਰਹੀ ਨਵਉਸਾਰੀ ਅਤੇ ਸੁੰਦਰੀਕਰਨ ਦੀ ਕਾਰਵਾਈ ਵੀ ਜੰਗੀ ਪੱਧਰ 'ਤੇ ਜਾਰੀ ਹੈ | ਈ. ਟੀ. ਪੀ. ਬੀ. ਮੁਤਾਬਿਕ ਵਾਲਡ ਸਿਟੀ ਲਾਹੌਰ ਅਥਾਰਿਟੀ (ਡਬਲਿਊ. ਸੀ. ਐੱਲ. ਏ.) ਦੇ ਸਹਿਯੋਗ ਨਾਲ ਮਹਾਰਾਜਾ ਦੀ ਜੱਦੀ ਹਵੇਲੀ ਦੀ ਸੰਭਾਲ ਲਈ ਸ਼ੁਰੂ ਕੀਤੇ ਬਚਾਅ ਪ੍ਰਾਜੈਕਟ 'ਤੇ ਲਗਭਗ 8 ਕਰੋੜ ਰੁਪਏ (ਪਾਕਿਸਤਾਨੀ ਕਰੰਸੀ) ਦੀ ਲਾਗਤ ਆਵੇਗੀ | ਅਧਿਕਾਰੀਆਂ ਮੁਤਾਬਿਕ ਕੰਜ਼ਰਵੇਸ਼ਨ ਪ੍ਰਾਜੈਕਟ 'ਚ ਹਵੇਲੀ ਦੀ ਅਸਲੀ ਬਣਤਰ, ਸਜਾਵਟ, ਗੁੰਝਲਦਾਰ ਨੱਕਾਸ਼ੀ, ਛੱਤ ਅਤੇ ਫ਼ਰਸ਼ ਨੂੰ ਸੁਰੱਖਿਅਤ ਆਦਿ ਕੰਮ ਸ਼ਾਮਿਲ ਹਨ | ਉਕਤ ਹਵੇਲੀ ਦੀ ਉੱਪਰਲੀ ਮੰਜ਼ਿਲ ਦੇ ਇਕ ਕਮਰੇ ਦੇ ਬਾਹਰ ਲੱਗੀ ਪੱਥਰ ਦੀ ਸਿਲ 'ਤੇ ਅੰਗਰੇਜ਼ੀ ਤੇ ਸ਼ਾਹਮੁਖੀ 'ਚ 'ਮਹਾਰਾਜਾ ਰਣਜੀਤ ਸਿੰਘ-ਜਨਮ 2 ਨਵੰਬਰ 1780' ਉੱਕਰਿਆ ਹੋਇਆ ਹੈ |
ਪਾਕਿ 'ਚ ਵੰਡ ਦੇ ਬਾਅਦ ਬੰਦ ਪਏ ਗੁਰਦੁਆਰਾ ਖਾਰਾ ਸਾਹਿਬ ਦੀ ਸ਼ੁਰੂ ਕੀਤੀ ਗਈ ਉਸਾਰੀ <br/>
ਅਜੀਤ ਡੈਸਕ
18-12-2025