ਵਿਰੋਧੀ ਧਿਰਾਂ ਨੇ ਮੁਖ਼ਾਲਫ਼ਤ 'ਚ ਕੀਤਾ ਵਾਕਆਊਟ
ਨਵੀਂ ਦਿੱਲੀ, 17 ਦਸੰਬਰ (ਉਪਮਾ ਡਾਗਾ ਪਾਰਥ)-ਪ੍ਰਮਾਣੂ ਊਰਜਾ ਖੇਤਰ ਨੂੰ ਨਿੱਜੀ ਕੰਪਨੀਆਂ ਲਈ ਖੋਲ੍ਹਣ ਦਾ ਰਾਹ ਪੱਧਰਾ ਕਰਦੇ ਹੋਏ ਭਾਰਤ ਨੂੰ ਬਦਲਣ ਲਈ ਪ੍ਰਮਾਣੂ ਊਰਜਾ ਦਾ ਵਿਕਾਸ ਅਤੇ ਟਿਕਾਊ ਵਰਤੋਂ (ਸ਼ਾਂਤੀ) ਬਿੱਲ 2025 ਨੂੰ ਲੋਕ ਸਭਾ 'ਚ ਤਕਰੀਬਨ ਸਾਢੇ 5 ਘੰਟੇ ਦੀ ਬਹਿਸ ਤੋਂ ਬਾਅਦ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ | ਹਾਲਾਂਕਿ ਵਿਰੋਧੀ ਧਿਰਾਂ ਨੇ ਇਸ ਨੂੰ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ, ਰੇਡੀਓ ਐਕਟਿਵ ਵੇਸਟ ਦੇ ਨਿਪਟਾਰੇ ਅਤੇ ਨਵੇਂ ਬਿੱਲ 'ਚ ਸਪਲਾਇਅਰ ਕੰਪਨੀ ਦੀ ਦੇਣਦਾਰੀ ਘਟਾਉਣ ਜਿਹੇ ਸਰੋਕਾਰਾਂ 'ਤੇ ਚਿੰਤਾ ਪ੍ਰਗਟ ਕੀਤੀ | ਬਿੱਲ ਦੇ ਪਾਸ ਹੋਣ ਨਾਲ ਪ੍ਰਮਾਣੂ ਊਰਜਾ ਨਾਲ ਸੰਬੰਧਿਤ ਦੋ ਪੁਰਾਣੇ ਕਾਨੰੂਨ ਪ੍ਰਮਾਣੂ ਊਰਜਾ ਕਾਨੂੰਨ 1962 ਅਤੇ ਪ੍ਰਮਾਣੂ ਨੁਕਸਾਨ ਲਈ ਨਾਗਰਿਕ ਜ਼ਿੰਮੇਵਾਰੀ ਕਾਨੂੰਨ 2010 ਰੱਦ ਹੋ ਜਾਣਗੇ, ਜਦਕਿ ਵਿਰੋਧੀ ਧਿਰਾਂ ਨੇ ਬਿੱਲ ਦੇ ਵਿਰੋਧ 'ਚ ਵਾਕਆਊਟ ਕਰ ਦਿੱਤਾ | ਪ੍ਰਮਾਣੂ ਊਰਜਾ ਨਾਲ ਸੰਬੰਧਿਤ ਉਕਤ ਸੋਧ ਬਿੱਲ (ਸ਼ਾਂਤੀ) ਡਾ. ਜਤਿੰਦਰ ਸਿੰਘ ਵਲੋਂ ਸੋਮਵਾਰ ਨੂੰ ਹੇਠਲੇ ਸਦਨ 'ਚ ਪੇਸ਼ ਕੀਤਾ ਗਿਆ ਜੋ ਕਿ ਪ੍ਰਮਾਣੂ ਊਰਜਾ ਖੇਤਰ 'ਚ ਵੱਡੇ ਬਦਲਾਅ ਵੱਲ ਸੰਕੇਤ ਕਰਦਾ ਹੈ | ਹੁਣ ਤੱਕ ਪ੍ਰਮਾਣੂ ਊਰਜਾ ਖੇਤਰ ਸਿਰਫ ਸਰਕਾਰੀ ਕੰਪਨੀਆਂ ਲਈ ਹੀ ਰੱਖਿਆ ਗਿਆ ਸੀ, ਜੋ ਕਿ ਹੁਣ ਨਿੱਜੀ ਕੰਪਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ | ਡਾ. ਸਿੰਘ ਨੇ ਬਿੱਲ ਪੇਸ਼ ਕਰਦਿਆਂ ਕਿਹਾ ਕਿ ਇਸ ਨਾਲ ਪ੍ਰਮਾਣੂ ਊਰਜਾ ਦੇ ਖੇਤਰ ਦੇ ਵਿਕਾਸ 'ਚ ਖਾਸਾ ਵਾਧਾ ਹੋਵੇਗਾ ਅਤੇ ਇਸ ਦੇ ਵੱਖ-ਵੱਖ ਖੇਤਰਾਂ 'ਚ ਵਰਤੋਂ 'ਚ ਵੀ ਵਾਧਾ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਪ੍ਰਮਾਣੂ ਊਰਜਾ ਸਮਰੱਥਾ ਨੂੰ 2047 ਤੱਕ ਵਧਾ ਕੇ 100 ਗੀਗਾਵਾਟ ਤੱਕ ਪਹੁੰਚਾਉਣ ਦੀ ਦਿਸ਼ਾ 'ਚ ਚੁੱਕਿਆ ਕਦਮ ਹੈ | ਕਾਨੂੰਨ ਤਹਿਤ ਇਕ ਵਿਸ਼ੇਸ਼ ਪ੍ਰਮਾਣੂ ਟਿ੍ਬਿਊਨਲ ਦੀ ਸਥਾਪਨਾ ਕੀਤੀ ਜਾਵੇਗੀ, ਜੋ ਕਿ ਸੰਬੰਧਿਤ ਵਿਵਾਦ ਸੁਲਝਾਉਣ 'ਚ ਮਦਦ ਕਰੇਗਾ |
ਏ.ਆਈ. ਨਾਲ ਕੱਟਿਆ ਜਾਵੇਗਾ ਟੋਲ-ਗਡਕਰੀ
ਰਾਸ਼ਟਰੀ ਸ਼ਾਹਰਾਹਾਂ 'ਤੇ ਟੋਲ ਨਾਕਿਆਂ 'ਤੇ ਭੀੜ ਘਟਾਉਣ ਅਤੇ ਟੋਲ ਚੋਰੀ ਦੀ ਸਮੱਸਿਆ ਖ਼ਤਮ ਕਰਨ ਲਈ ਸਰਕਾਰ ਨਵੀਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਧਾਰਿਤ ਤਕਨਾਲੋਜੀ ਲਾਗੂ ਕਰੇਗੀ, ਜੋ ਕਿ 2026 ਤੱਕ ਪੂਰੇ ਦੇਸ਼ 'ਚ ਲਾਗੂ ਹੋ ਜਾਵੇਗੀ | ਇਸ ਨਵੀਂ ਤਕਨੀਕ ਦੇ ਨਾਲ ਸਰਕਾਰ ਦੇ ਮਾਲੀਏ 'ਚ 6 ਹਜ਼ਾਰ ਕਰੋੜ ਰੁਪਏ ਦਾ ਵਾਧਾ ਅਤੇ 1500 ਕਰੋੜ ਰੁਪਏ ਦੇ ਤੇਲ ਦੀ ਬੱਚਤ ਹੋਵੇਗੀ | ਉਕਤ ਜਾਣਕਾਰੀ ਸੜਕੀ ਆਵਾਜਾਈ ਅਤੇ ਸ਼ਾਹਰਾਹ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਰਾਜ ਸਭਾ 'ਚ ਪੁੱਛੇ ਇਕ ਸਵਾਲ ਦੇ ਜਵਾਬ 'ਚ ਦਿੱਤੀ | ਗਡਕਰੀ ਨੇ ਕਿਹਾ ਕਿ ਬਹੁ-ਲੇਨ ਬਿਨਾਂ ਰੁਕਾਵਟ ਆਵਾਜਾਈ (ਐਮ. ਐਲ. ਐਫ਼. ਐਫ਼.) ਟੋਲ ਪ੍ਰਣਾਲੀ ਅਤੇ ਏ. ਆਈ. ਸੰਚਾਲਿਤ ਸ਼ਾਹਰਾਹ ਪ੍ਰਬੰਧਨ ਦੇਸ਼ ਭਰ 'ਚ 2026 ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ ਅਤੇ ਇਸ ਦੇ ਲਾਗੂ ਹੋਣ ਤੋਂ ਬਾਅਦ ਇਹ ਤਕਨਾਲੋਜੀ ਯਾਤਰੀਆਂ ਲਈ ਟੋਲ ਨਾਕੇ 'ਤੇ ਉਡੀਕ ਦੇ ਸਮੇਂ ਨੂੰ ਖ਼ਤਮ ਕਰ ਦੇਵੇਗੀ | ਉਨ੍ਹਾਂ ਕਿਹਾ ਕਿ ਇਸ ਨਾਲ 1500 ਕਰੋੜ ਰੁਪਏ ਦੇ ਤੇਲ ਦੀ ਬੱਚਤ ਹੋਵੇਗੀ ਅਤੇ ਸਰਕਾਰ ਦੇ ਮਾਲੀਏ 'ਚ 6 ਹਜ਼ਾਰ ਕਰੋੜ ਦਾ ਵਾਧਾ ਹੋਵੇਗਾ | ਗਡਕਰੀ ਨੇ ਕਿਹਾ ਕਿ ਪਹਿਲਾਂ ਸਾਨੂੰ ਟੋਲ 'ਤੇ ਭੁਗਤਾਨ ਲਈ 3 ਤੋਂ 10 ਮਿੰਟ ਦਾ ਸਮਾਂ ਲੱਗਦਾ ਸੀ, ਫਿਰ ਫਾਸਟੈਗ ਦੇ ਕਾਰਨ ਸਮਾਂ ਘਟ ਕੇ 60 ਸੈਕਿੰਡ ਜਾਂ ਉਸ ਤੋਂ ਘੱਟ ਹੋ ਗਿਆ | ਐਮ. ਐਲ. ਐਫ਼. ਐਫ਼. ਆਉਣ ਤੋਂ ਬਾਅਦ ਹੁਣ ਕਾਰਾਂ ਵੱਧ ਤੋਂ ਵੱਧ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟੋਲ ਪਾਰ ਕਰ ਸਕਦੀਆਂ ਹਨ ਅਤੇ ਟੋਲ 'ਤੇ ਕਿਸੇ ਨੂੰ ਰੋਕਿਆ ਨਹੀਂ ਜਾਵੇਗਾ | ਗਡਕਰੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਇਸ ਨੂੰ ਜ਼ੀਰੋ ਮਿੰਟ ਤੱਕ ਲੈ ਜਾਣ ਦੀ ਹੈ ਅਤੇ ਇਸ 'ਚ ਏ. ਆਈ. ਦੇ ਨਾਲ ਉਪ ਗ੍ਰਹਿ ਦੇ ਰਾਹੀਂ ਅਤੇ ਫਾਸਟੈਗ ਰਾਹੀਂ ਨੰਬਰ ਪਲੇਟ ਦੀ ਪਛਾਣ ਕੀਤੀ ਜਾਵੇਗੀ | ਕੇਂਦਰੀ ਮੰਤਰੀ ਨੇ ਕਿਹਾ ਕਿ 2026 ਤੱਕ ਅਸੀਂ ਇਸ ਕੰਮ ਨੂੰ 100 ਫ਼ੀਸਦੀ ਪੂਰਾ ਕਰ ਲਵਾਂਗੇ ਅਤੇ ਇਹ ਕੰਮ ਖ਼ਤਮ ਹੋਣ ਤੋਂ ਬਾਅਦ 1500 ਕਰੋੜ ਰੁਪਏ ਦੀ ਬੱਚਤ ਅਤੇ ਮਾਲੀਏ 'ਚ 6000 ਕਰੋੜ ਦਾ ਵਾਧਾ ਹੋਵੇਗਾ ਅਤੇ ਟੋਲ ਚੋਰੀ ਖ਼ਤਮ ਹੋ ਜਾਵੇਗੀ |
ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਠੱਲ੍ਹ ਪਾਵੇਗਾ ਸ਼ਾਂਤੀ ਬਿੱਲ-ਮਨੀਸ਼ ਤਿਵਾੜੀ
ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਬਿੱਲ ਨਾਲ ਭਾਰਤ ਦਾ ਪ੍ਰਮਾਣੂ ਪ੍ਰੋਗਰਾਮ ਪਟੜੀ ਤੋਂ ਲਹਿ ਜਾਵੇਗਾ | ਤਿਵਾੜੀ ਨੇ ਬਿੱਲ ਰਾਹੀਂ ਪ੍ਰਮਾਣੂ ਖੇਤਰ ਨੂੰ ਨਿੱਜੀ ਕੰਪਨੀਆਂ ਲਈ ਖੋਲ੍ਹੇ ਜਾਣ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਨਵੰਬਰ 2025 'ਚ ਅਡਾਨੀ ਗਰੁੱਪ ਨੇ ਪ੍ਰਮਾਣੂ ਊਰਜਾ ਖੇਤਰ 'ਚ ਆਉਣ ਬਾਰੇ ਐਲਾਨ ਕੀਤਾ ਅਤੇ ਸਰਕਾਰ ਦਸੰਬਰ 'ਚ ਉਕਤ ਬਿੱਲ ਲੈ ਆਈ | ਕਾਂਗਰਸ ਨੇਤਾ ਨੇ ਇਸ 'ਤੇ ਸ਼ੰਕਾ ਪ੍ਰਗਟ ਕਰਦਿਆਂ ਪੁੱਛਿਆ ਕਿ ਕੀ ਇਹ ਮਹਿਜ਼ ਇਤਫਾਕ ਹੈ | ਕਾਂਗਰਸ ਨੇਤਾ ਨੇ ਬਿੱਲ ਰਾਹੀਂ ਸਪਲਾਇਅਰ ਦੀ ਜਵਾਬਦੇਹੀ ਅਤੇ ਦੇਣਦਾਰੀ ਨੂੰ ਮਿੱਥੇ ਜਾਣ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਨਵੇਂ ਬਿੱਲ 'ਤੇ ਪ੍ਰਮਾਣੂ ਊਰਜਾ ਪਲਾਂਟ 'ਚ ਨੁਕਸਾਨ ਹੋਣ ਦੀ ਸੂਰਤ 'ਚ ਸਪਲਾਇਅਰ ਦੀ ਦੇਣਦਾਰੀ ਬਾਰੇ ਵੱਧ ਤੋਂ ਵੱਧ ਦੇਣਦਾਰੀ 3000 ਲੱਖ ਅਮਰੀਕੀ ਡਾਲਰ ਦੱਸੀ ਗਈ ਹੈ | ਉਨ੍ਹਾਂ ਭੋਪਾਲ ਗੈਸ ਤ੍ਰਾਸਦੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਸ ਵੇਲੇ ਹੀ 4700 ਲੱਖ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਗਿਆ ਸੀ | ਕਾਂਗਰਸੀ ਸੰਸਦ ਮੈਂਬਰ ਨੇ ਬਿੱਲ ਰਾਹੀਂ ਪ੍ਰਮਾਣੂ ਊਰਜਾ ਦੇ ਰੈਗੂਲੇਟਰੀ ਬੋਰਡ ਨੂੰ ਖਤਮ ਕਰਨ ਅਤੇ ਨਵੇਂ ਢਾਂਚੇ 'ਤੇ ਵੀ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਨਵੇਂ ਢਾਂਚੇ 'ਚ ਸਾਰਾ ਕੰਟਰੋਲ ਸਰਕਾਰ ਕੋਲ ਹੋਵੇਗਾ ਅਤੇ ਰੈਗੂਲੇਟਰੀ ਬੋਰਡ ਵਰਗੀ ਖੁਦਮੁਖਤਿਆਰ ਸੰਸਥਾ ਖਤਮ ਹੋ ਜਾਵੇਗੀ |
<br/> ਪ੍ਰਮਾਣੂ ਊਰਜਾ ਖੇਤਰ 'ਚ ਨਿੱਜੀ ਨਿਵੇਸ਼ ਦਾ ਰਸਤਾ ਸਾਫ਼-ਲੋਕ ਸਭਾ 'ਚ ਬਿੱਲ ਪਾਸ <br/>
ਅਜੀਤ ਡੈਸਕ
18-12-2025