ਗੁਰਦੁਆਰਾ ਭੱਠਾ ਸਾਹਿਬ ਵਿਖੇ ਧਾਰਮਿਕ ਦੀਵਾਨਾਂ 'ਚ ਪ੍ਰਧਾਨ ਧਾਮੀ, ਡਾ: ਚੀਮਾ ਤੇ ਹੋਰ ਸ਼ਖ਼ਸੀਅਤਾਂ ਵਲੋਂ ਸ਼ਿਰਕਤ
ਰੂਪਨਗਰ, 17 ਦਸੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਚ ਸ਼ਹੀਦੀ ਪੰਦ੍ਹਰਵਾੜੇ ਦੇ ਮੌਕੇ 'ਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਆਰੰਭ ਹੋਏ ਤਿੰਨ ਦਿਨਾਂ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਪੁੱਜੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਇਤਿਹਾਸ ਦੀਆਂ ਮਹਾਨ ਸ਼ਹਾਦਤਾਂ ਸਿੱਖ ਕੌਮ ਨੂੰ ਸਦਾ ਹੱਕ, ਸੱਚ ਅਤੇ ਧਾਰਮਿਕ ਆਜ਼ਾਦੀ ਲਈ ਡਟੇ ਰਹਿਣ ਦੀ ਪੇ੍ਰਰਨਾ ਦਿੰਦੀਆਂ ਹਨ | ਥੇਦਾਰ ਗੜਗੱਜ ਨੇ 1704 ਦੇ ਅਨੰਦਪੁਰ ਸਾਹਿਬ ਦੇ ਲੰਮੇ ਘੇਰੇ, ਸਰਸਾ ਦਰਿਆ ਕਿਨਾਰੇ ਗੁਰੂ ਪਰਿਵਾਰ ਦੇ ਵਿਛੋੜੇ, ਚਮਕੌਰ ਸਾਹਿਬ ਦੇ ਸਾਕੇ ਅਤੇ ਸਰਹਿੰਦ ਵਿਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਰੇ ਸਥਾਨ ਹਰ ਸਿੱਖ ਲਈ ਪਵਿੱਤਰ ਹਨ | ਸ਼ਹੀਦੀ ਪੰਦ੍ਹਰਵਾੜੇ ਦੌਰਾਨ ਸੰਗਤ ਸ਼ਹੀਦਾਂ ਨੂੰ ਦਿਲੋਂ ਯਾਦ ਕਰਦੀ ਹੈ ਅਤੇ ਕਈ ਸ਼ਰਧਾਲੂ ਸਾਦਗੀ ਪੂਰਨ ਜੀਵਨ ਅਪਣਾਉਂਦੇ ਹਨ | ਅੱਜ ਧਾਰਮਿਕ ਦੀਵਾਨ ਸਜਾਏ ਗਏ ਜਿਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ, ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਸਿੱਖ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਸ਼ਹੀਦੀ ਪੰਦ੍ਹਰਵਾੜੇ ਦੀ ਮਹੱਤਤਾ ਬਾਰੇ ਦੱਸਿਆ | ਅੱਜ ਵੱਡੀ ਗਿਣਤੀ ਸੰਗਤਾਂ ਸ਼ਹੀਦੀ ਜੋੜ ਮੇਲ ਵਿਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀਆਂ ਹੋਈਆਂ ਸਨ | ਇਸ ਮੌਕੇ ਅੰਤਰਿੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪਰਮਜੀਤ ਸਿੰਘ ਲੱਖੇਵਾਲ, ਅਜਮੇਰ ਸਿੰਘ ਖੇੜਾ, ਹੈੱਡ ਗ੍ਰੰਥੀ ਗਿਆਨੀ ਪਵਿੱਤਰ ਸਿੰਘ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਜਥੇਦਾਰ ਮੋਹਨ ਸਿੰਘ ਢਾਹੇ ਸਮੇਤ ਧਾਰਮਿਕ ਸਿਆਸੀ ਆਗੂ ਅਤੇ ਸ਼ਖ਼ਸੀਅਤਾਂ ਵੀ ਪੁੱਜੀਆਂ ਹੋਈਆਂ ਸਨ |
ਸ਼ਹੀਦੀ ਪੰਦ੍ਹਰਵਾੜਾ ਹੱਕ, ਸੱਚ ਤੇ ਜ਼ੁਲਮ ਦੇ ਵਿਰੁੱਧ ਖੜ੍ਹਨ ਦੀ ਪੇ੍ਰਰਨਾ ਦਿੰਦਾ ਹੈ-ਜਥੇਦਾਰ ਗੜਗੱਜ <br/>
ਅਜੀਤ ਡੈਸਕ
18-12-2025