ਮਾਰਕਸੀਪਾਰਟੀ ਦੇ ਸੂਬਾ ਸਕੱਤਰ 'ਅਜੀਤ' ਉਪ ਦਫ਼ਤਰ ਮਾਨਸਾ ਪਹੁੰਚੇ
ਮਾਨਸਾ, 18 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋਕ ਪੱਖੀ ਕਾਨੂੰਨਾਂ ਨੂੰ ਇਕ-ਇਕ ਕਰ ਕੇ ਖ਼ਤਮ ਕਰਨ ਦੇ ਰਾਹ ਪਈ ਹੋਈ ਹੈ | ਇਹ ਦੋਸ਼ ਮਾਰਕਸੀ ਪਾਰਟੀ ਦੇ ਸੂਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਇੱਥੇ ਗੱਲਬਾਤ ਕਰਦਿਆਂ ਲਗਾਏ | ਉਹ 'ਅਜੀਤ' ਉਪ ਦਫ਼ਤਰ ਮਾਨਸਾ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ | ਉਨ੍ਹਾਂ ਦੱਸਿਆ ਕਿ ਸਰਕਾਰ ਮਗਨਰੇਗਾ ਕਾਨੂੰਨ ਦੀ ਥਾਂ 'ਤੇ 'ਵਿਕਸਿਤ ਭਾਰਤ ਗਰੰਟੀ ਰੋਜ਼ਗਾਰ ਅÏਰ ਆਜੀਵਕਾ ਮਿਸ਼ਨ (ਗ੍ਰਾਮੀਣ)' ਦੇ ਨਾਂਅ ਵਾਲਾ ਬਿੱਲ ਸੰਸਦ 'ਚ ਲਿਆ ਰਹੀ ਹੈ, ਜੋ ਇੱਕ ਧੋਖਾਧੜੀ ਹੈ ਕਿਉਂਕਿ ਇਹ ਬਿੱਲ ਪਾਸ ਹੋਣ ਨਾਲ ਰਾਜਾਂ ਨੂੰ 60:40 ਦੀ ਅਨੁਪਾਤ ਨਾਲ ਹਿੱਸਾ ਪਾਉਣਾ ਪਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਬਹੁਤੇ ਰਾਜ ਆਰਥਿਕਤਾ ਦੀ ਚੱਕੀ 'ਚ ਪਿਸ ਰਹੇ ਹਨ | ਉਨ੍ਹਾਂ ਆਖਿਆ ਕਿ ਅਸਲ 'ਚ ਭਾਜਪਾ ਨਵੇਂ ਬਿੱਲ ਦੇ ਬਹਾਨੇ ਕਿਰਤੀਆਂ ਲਈ ਲਾਭਦਾਇਕ ਮਗਨਰੇਗਾ ਸਕੀਮ ਨੂੰ ਬੰਦ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਪਹਿਲਾ ਹੀ ਸੂਚਨਾ ਅਧਿਕਾਰ ਕਾਨੂੰਨ, ਸਿੱਖਿਆ ਕਾਨੂੰਨ ਆਦਿ ਨੂੰ ਕਮਜ਼ੋਰ ਕਰ ਦਿੱਤਾ ਹੈ ਜਦਕਿ ਬਿਜਲੀ ਐਕਟ 2025 ਪਾਸ ਕਰ ਕੇ ਬਿਜਲੀ ਕਾਰਪੋਰਟੇਰਾਂ ਦੇ ਹੱਥਾਂ 'ਚ ਦੇਣ ਦੀ ਤਿਆਰੀ ਹੈ | ਇਸੇ ਤਰ੍ਹਾਂ ਵਿਦੇਸ਼ ਨੀਤੀ ਵੀ ਅਮਰੀਕੀ ਸਾਮਰਾਜ ਦੇ ਅਨੁਕੂਲ ਕੀਤੀ ਜਾ ਰਹੀ ਹੈ | ਪੰਜਾਬ ਦੀ 'ਆਪ' ਸਰਕਾਰ ਨੂੰ ਹਰ ਫ਼ਰੰਟ 'ਤੇ ਫ਼ੇਲ੍ਹ ਦੱਸਦਿਆਂ ਕਾ. ਸੇਖੋਂ ਨੇ ਕਿਹਾ ਕਿ ਰਾਜ 'ਚ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋਈ ਪਈ ਹੈ ਅਤੇ ਭਿ੍ਸ਼ਟਾਚਾਰ ਹੱਦਾਂ ਬੰਨ੍ਹੇ ਟੱਪ ਗਿਆ ਹੈ | ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਮੈਂਬਰ ਕਾ. ਭੂਪ ਚੰਦ ਚੰਨੋਂ, ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਘਨੀਸ਼ਾਮ ਦਾਸ ਨਿੱਕੂ, ਹਰਜਿੰਦਰ ਸਿੰਘ ਬਰੇਟਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਬਰੇਟਾ ਆਦਿ ਹਾਜ਼ਰ ਸਨ |
ਕੇਂਦਰ ਸਰਕਾਰ ਲੋਕ ਪੱਖੀ ਕਾਨੂੰਨਾਂ ਨੂੰ ਖ਼ਤਮ ਕਰਨ ਦੇ ਰਾਹ ਪਈ-ਕਾ. ਸੇਖੋਂ <br/>
ਅਜੀਤ ਡੈਸਕ
19-12-2025