ਕਿਹਾ, ਹਲਕੇ ਦੇ ਲੋਕ ਮਜੀਠੀਆ ਪਰਿਵਾਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਡਟ ਕੇ ਖੜ੍ਹੇ ਹਨ
ਅੰਮਿ੍ਤਸਰ, 18 ਦਸੰਬਰ (ਸਟਾਫ ਰਿਪੋਰਟਰ)-ਮਜੀਠਾ ਹਲਕੇ ਤੋਂ ਅਕਾਲੀ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਦੋਸ਼ ਲਾਇਆ ਹੈ ਕਿ ਪੰਜਾਬ ਪੁਲਿਸ ਨੇ ਮਜੀਠਾ ਹਲਕੇ ਵਿਚ 'ਆਪ' ਲਈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਲੋਕਾਂ ਦੀ ਮਰਜ਼ੀ ਖ਼ਿਲਾਫ਼ ਕਥਿਤ ਤੌਰ 'ਤੇ ਵੋਟਾਂ ਪੁਆਈਆਂ, ਜਿਸ ਕਾਰਨ ਲੋਕ ਵੋਟਾਂ ਪਾਉਣ ਲਈ ਘੱਟ ਨਿਕਲੇ ਅਤੇ ਇਸੇ ਕਾਰਨ ਕਾਂਗਰਸ ਨੇ ਚੋਣਾਂ ਦਾ ਬਾਈਕਾਟ ਕੀਤਾ | ਅਕਾਲੀ ਦਲ ਵਲੋਂ ਜਾਰੀ ਬਿਆਨ ਵਿਚ ਅਕਾਲੀ ਵਿਧਾਇਕਾ ਨੇ ਦੋਸ਼ ਲਾਇਆ ਕਿ ਵੱਡੀ ਪੱਧਰ 'ਤੇ ਘਪਲੇਬਾਜ਼ੀ ਕਰਕੇ 'ਆਪ' ਚੋਣਾਂ ਜਿੱਤੀ ਹੈ | ਉਨ੍ਹਾਂ ਕਿਹਾ ਕਿ 1992 ਤੋਂ ਹੁਣ ਤੱਕ ਸਭ ਤੋਂ ਘੱਟ ਮਤਦਾਨ ਸਿਰਫ 40 ਫੀਸਦੀ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਵਿਚੋਂ ਇਕ ਸੀਟ ਜਿੱਤ ਲਈ ਤੇ ਬਲਾਕ ਸੰਮਤੀ ਦੀਆਂ 12 ਵਿਚੋਂ ਪੰਜ ਸੀਟਾਂ ਜਿੱਤ ਲਈਆਂ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭੋਮਾ ਤੇ ਭਾਖਰਪੁਰ ਸੀਟਾਂ ਜੋ ਅਕਾਲੀ ਦਲ ਨੇ ਜਿੱਤੀਆਂ, ਦੇ ਸਰਟੀਫਿਕੇਟ ਵੀ ਕਥਿਤ ਤੌਰ 'ਤੇ 'ਆਪ' ਦੇ ਉਮੀਦਵਾਰਾਂ ਨੂੰ ਦੇ ਦਿੱਤੇ ਗਏ | ਜਿਸ ਕਾਰਨ ਅਕਾਲੀ ਦਲ ਦੇ ਜਿੱਤਣ ਵਾਲੇ ਉਮੀਦਵਾਰਾਂ ਦੀ ਗਿਣਤੀ ਤਿੰਨ ਰਹਿ ਗਈ, ਜਦੋਂਕਿ ਪਾਰਟੀ ਵਲੋਂ ਜਿੱਤੀ ਇਕ ਹੋਰ ਸੀਟ 'ਤੇ ਪਾਰਟੀ ਨੂੰ ਛੇ ਵੋਟਾਂ ਨਾਲ ਹਾਰਿਆ ਵਿਖਾਇਆ ਗਿਆ | ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਮਜੀਠੀਆ ਪਰਿਵਾਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਡੱਟ ਕੇ ਖੜ੍ਹੇ ਹਨ, ਜਦੋਂਕਿ ਸ. ਮਜੀਠੀਆ ਨੂੰ ਕਥਿਤ ਝੂਠੇ ਦੋਸ਼ਾਂ ਤਹਿਤ ਜੇਲ੍ਹ ਵਿਚ ਡੱਕਿਆ ਹੋਇਆ ਹੈ |
ਮਜੀਠਾ ਹਲਕੇ 'ਚ ਪੁਲਿਸ ਨੇ 'ਆਪ' ਲਈ ਚੋਣ ਜਿੱਤੀ-ਗਨੀਵ ਕੌਰ ਮਜੀਠੀਆ <br/>
ਅਜੀਤ ਡੈਸਕ
19-12-2025