24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਹਾਈਕੋਰਟ ਵਲੋਂ ਭਾਈ ਅੰਮਿ੍ਤਪਾਲ ਸਿੰਘ ਦੀ ਪਟੀਸ਼ਨ ਦਾ ਨਿਪਟਾਰਾ <br/>

Ad Position 21
No active advertisement
ਅਜੀਤ ਡੈਸਕ 19-12-2025

ਸੰਸਦ ਦੇ ਮੌਜੂਦਾ ਇਜਲਾਸ 'ਚ ਨਹੀਂ ਲੈ ਸਕਣਗੇ ਹਿੱਸਾ
ਚੰਡੀਗੜ੍ਹ, 18 ਦਸੰਬਰ (ਸੰਦੀਪ ਕੁਮਾਰ ਮਾਹਨਾ)-ਰਾਸ਼ਟਰੀ ਸੁਰੱਖਿਆ ਐਕਟ ਤਹਿਤ ਹਿਰਾਸਤ 'ਚ ਨਜ਼ਰਬੰਦ ਲੋਕ ਸਭਾ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਸੰਸਦ ਦੇ ਜਾਰੀ ਸਰਦ ਰੁੱਤ ਇਜਲਾਸ 'ਚ ਹਿੱਸਾ ਨਹੀਂ ਲੈ ਸਕਣਗੇ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਜਲਾਸ ਵਿਚ ਸ਼ਾਮਿਲ ਹੋਣ ਦੀ ਇਜਾਜ਼ਤ ਮੰਗਣ ਵਾਲੀ ਉਨ੍ਹਾਂ ਦੀ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਖ਼ਾਰਜ ਕਰ ਦਿੱਤਾ ਹੈ ਕਿ ਪਟੀਸ਼ਨ 'ਤੇ ਕੋਈ ਪ੍ਰਭਾਵਸ਼ਾਲੀ ਰਾਹਤ ਦੇਣਾ ਹੁਣ ਵਿਵਹਾਰਿਕ ਤੌਰ 'ਤੇ ਸੰਭਵ ਨਹੀਂ ਹੈ | ਚੀਫ਼ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਸੁਣਵਾਈ ਦੀ ਸ਼ੁਰੂਆਤ 'ਚ ਹੀ ਇਹ ਸਵਾਲ ਉਠਾਇਆ ਕਿ ਜੇਕਰ ਪਟੀਸ਼ਨਕਰਤਾ ਦੇ ਹੱਕ ਵਿਚ ਕੋਈ ਹੁਕਮ ਪਾਸ ਕਰ ਵੀ ਦਿੱਤਾ ਜਾਵੇ ਤਾਂ ਉਸ ਨੂੰ ਲਾਗੂ ਕਿਵੇਂ ਕੀਤਾ ਜਾਵੇਗਾ | ਬੈਂਚ ਨੇ ਵਿਵਹਾਰਿਕ ਵਿਚਾਰਾਂ ਵੱਲ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਇਸ ਸਮੇਂ ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ 'ਚ ਬੰਦ ਹੈ ਅਤੇ ਉਨ੍ਹਾਂ ਨੂੰ ਉੱਥੋਂ ਦਿੱਲੀ ਲਿਆਉਣ 'ਚ ਘੱਟੋ-ਘੱਟ 10 ਘੰਟੇ ਜਾਂ ਵੱਧ ਸਮਾਂ ਲੱਗੇਗਾ, ਉਹ ਵੀ ਤਾਂ ਜੇਕਰ ਹੈਲੀਕਾਪਟਰ ਵਰਗੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ | ਅਜਿਹੇ 'ਚ ਇਜਲਾਸ ਦੇ ਆਖ਼ਰੀ ਦਿਨ ਤੱਕ ਉਸ ਦੀ ਮੌਜੂਦਗੀ ਨੂੰ ਯਕੀਨੀ ਬਣਾਉਣਾ ਸੰਭਵ ਨਹੀਂ ਹੈ | ਅਦਾਲਤ ਨੇ ਕਿਹਾ ਕਿ, ਇਨ੍ਹਾਂ ਹਾਲਾਤ 'ਚ ਪਟੀਸ਼ਨ ਵਿਚ ਮੰਗੀ ਗਈ ਰਾਹਤ ਹੁਣ ਅਮਲੀ ਤੌਰ 'ਤੇ ਅਪ੍ਰਸੰਗਿਕ ਹੋ ਗਈ ਹੈ ਅਤੇ ਇਸ ਨੂੰ ਅੱਗੇ ਵਧਾਉਣ ਦਾ ਕੋਈ ਠੋਸ ਉਦੇਸ਼ ਨਹੀਂ ਹੈ | ਬੈਂਚ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਟੀਸ਼ਨਕਰਤਾ ਨੂੰ ਆਜ਼ਾਦੀ ਰਹੇਗੀ ਕਿ ਭਵਿੱਖ ਵਿਚ ਉਹ ਜਦੋਂ ਵੀ ਨਵੇਂ ਕਾਰਨ ਸਾਹਮਣੇ ਆਉਂਦੇ ਹਨ, ਜਿਵੇਂ ਕਿ ਅਗਲੇ ਸੰਸਦੀ ਇਜਲਾਸ ਉਹ ਦੁਬਾਰਾ ਅਦਾਲਤ ਦਾ ਰੁਖ਼ ਕਰ ਸਕਦਾ ਹੈ | ਆਪਣੇ ਹੁਕਮ 'ਚ ਹਾਈ ਕੋਰਟ ਨੇ ਇਹ ਵੀ ਤੱਥ ਦਰਜ ਕੀਤਾ ਕਿ 15, 16 ਅਤੇ 17 ਦਸੰਬਰ ਨੂੰ ਵਕੀਲਾਂ ਦੀ ਹੜਤਾਲ ਕਾਰਨ ਕੇਸ ਦੀ ਪ੍ਰਭਾਵਸ਼ਾਲੀ ਢੰਗ ਨਾਲ ਸੁਣਵਾਈ ਨਹੀਂ ਹੋ ਸਕੀ | ਅਦਾਲਤ ਨੇ ਕਿਹਾ ਕਿ ਇਨ੍ਹਾਂ ਤਿੰਨ ਤਰੀਕਾਂ 'ਤੇ ਕੰਮ ਨਾ ਹੋਣ ਕਾਰਨ ਦਲੀਲਾਂ ਅੱਗੇ ਨਹੀਂ ਵਧ ਸਕੀਆਂ | ਸੁਣਵਾਈ ਵਾਲੇ ਦਿਨ ਵੀ ਜਿੱਥੇ ਪਟੀਸ਼ਨਰ ਵਲੋਂ ਵਕੀਲ ਮੌਜੂਦ ਸਨ, ਉੱਥੇ ਹੀ ਜਵਾਬਦੇਹ ਧਿਰਾਂ ਵਲੋਂ ਦਲੀਲਾਂ ਅਧੂਰੀਆਂ ਰਹਿ ਗਈਆਂ | ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਜਾਣੂ ਕਰਵਾਇਆ ਕਿ ਸੰਸਦ ਦਾ ਸਰਦ ਰੁੱਤ ਇਜਲਾਸ 18 ਦਸੰਬਰ ਨੂੰ ਖ਼ਤਮ ਹੋ ਰਿਹਾ ਹੈ | ਕਿਉਂਕਿ ਪ੍ਰਤੀਵਾਦੀਆਂ ਦੀਆਂ ਦਲੀਲਾਂ 15 ਦਸੰਬਰ ਨੂੰ ਪੂਰੀਆਂ ਨਹੀਂ ਹੋਈਆਂ ਸਨ ਅਤੇ ਉਸ ਤੋਂ ਬਾਅਦ ਇਜਲਾਸ ਦਾ ਆਖ਼ਰੀ ਦਿਨ ਪਹਿਲਾਂ ਹੀ ਆ ਚੁੱਕਾ ਸੀ, ਇਸ ਲਈ ਅਦਾਲਤ ਨੇ ਪਟੀਸ਼ਨ 'ਤੇ ਫ਼ੈਸਲਾ ਲੈਣਾ ਵਿਅਰਥ ਸਮਝਿਆ |

Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਹਮਲਾਵਰਾਂ ਵਲੋਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ <br/> ਅਗਲੀ ਖ਼ਬਰ ਉਦਯੋਗਿਕ ਇਕਾਈ ਅੰਬਰ ਗਰੁੱਪ ਵਲੋਂ ਪੰਜਾਬ 'ਚ, 500 ਕਰੋੜ ਦੇ ਨਿਵੇਸ਼ ਦਾ ਐਲਾਨ <br/>
Ad Position 24