ਫ਼ਿਰੋਜ਼ਪੁਰ, 18 ਦਸੰਬਰ (ਸੁਖਵਿੰਦਰ ਸਿੰਘ)-ਸ਼ਹਿਰ ਦੀ ਸਬਜ਼ੀ ਮੰਡੀ ਵਿਚ ਸਥਿਤ ਐਮ.ਐਸ. ਰੋੜਾ ਰਾਮ ਐਂਡ ਕੰਪਨੀ, ਦੁਕਾਨ ਨੰਬਰ 73 ਵਿਚ ਚੋਰਾਂ ਵਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਸਵੇਰੇ ਕਰੀਬ 7:15 ਵਜੇ ਦੇ ਆਸਪਾਸ ਸਾਹਮਣੇ ਆਈ | ਜਦੋਂ ਦੁਕਾਨ 'ਤੇ ਕੰਮ ਕਰਨ ਵਾਲੇ ਲੜਕੇ ਨੇ ਮਾਲਕ ਨੂੰ ਫ਼ੋਨ ਕਰਕੇ ਚੋਰੀ ਹੋਣ ਦੀ ਜਾਣਕਾਰੀ ਦਿੱਤੀ | ਦੁਕਾਨ ਮਾਲਕ ਦੇ ਮੌਕੇ 'ਤੇ ਪਹੁੰਚਣ 'ਤੇ ਪਤਾ ਲੱਗਿਆ ਕਿ ਦੁਕਾਨ ਵਿਚ ਲੱਗਿਆ ਲੌਕਰ ਖੁੱਲ੍ਹਾ ਪਿਆ ਸੀ ਅਤੇ ਉਸ 'ਚੋਂ ਕਰੀਬ ਸਾਢੇ 8 ਲੱਖ ਰੁਪਏ ਨਕਦ ਗ਼ਾਇਬ ਸਨ | ਹੈਰਾਨੀ ਦੀ ਗੱਲ ਇਹ ਹੈ ਕਿ ਲੌਕਰ ਦੀਆਂ ਅਸਲੀ ਚਾਬੀਆਂ ਮਾਲਕ ਦੇ ਕੋਲ ਹੀ ਸਨ | ਜਿਸ ਤੋਂ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਚੋਰਾਂ ਵਲੋਂ ਚਾਬੀਆਂ ਦੀ ਡੁਪਲੀਕੇਟ ਤਿਆਰ ਕਰਵਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਦੁਕਾਨ ਮਾਲਕ ਨੇ ਦੱਸਿਆ ਕਿ ਦੁਕਾਨ ਵਿਚ ਫਿਕਸ ਨੰਬਰ ਵਾਲਾ ਲੌਕਰ ਲਗਾਇਆ ਹੋਇਆ ਸੀ ਅਤੇ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰੇ ਵੀ ਮੌਜੂਦ ਸਨ ਪਰ ਚੋਰ ਵਾਰਦਾਤ ਤੋਂ ਬਾਅਦ ਡੀ.ਵੀ.ਆਰ. ਬਾਕਸ ਆਪਣੇ ਨਾਲ ਲੈ ਗਏ | ਜਿਸ ਕਾਰਨ ਰਿਕਾਰਡਿੰਗ ਵੀ ਹਾਸਲ ਨਹੀਂ ਹੋ ਸਕੀ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸੰਬੰਧੀ ਜਦੋਂ ਸਿਟੀ ਥਾਣਾ ਡੀ.ਐਸ.ਪੀ. ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ |
ਫ਼ਿਰੋਜ਼ਪੁਰ ਦੀ ਸਬਜ਼ੀ ਮੰਡੀ 'ਚ ਆੜ੍ਹਤ ਦੀ ਦੁਕਾਨ ਤੋਂ ਸਾਢੇ 8 ਲੱਖ ਰੁਪਏ ਚੋਰੀ <br/>
ਅਜੀਤ ਡੈਸਕ
19-12-2025