ਅੰਮਿ੍ਤਸਰ, 18 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਤੋਂ ਚਾਰ ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਦੇ ਦਿਨ, 18 ਦਸੰਬਰ ਦੀ ਸ਼ਾਮ ਨੂੰ ੂ ਇਕ ਸਿਰਫਿਰੇ ਵਿਅਕਤੀ ਵਲੋਂ ਜੰਗਲਾ ਟੱਪ ਕੇ ਬੇਅਦਬੀ ਦੀ ਕੋਸ਼ਿਸ਼ ਕਰਨ ਦੀ ਵਾਪਰੀ ਮੰਦਭਾਗੀ ਘਟਨਾ ਦੀ ਜਾਂਚ ਲਈ ਸ਼ੋ੍ਰਮਣੀ ਕਮੇਟੀ ਤੇ ਪੁਲਿਸ ਵਲੋਂ ਬਣਾਈਆਂ ਦੋ ਵੱਖ-ਵੱਖ ਸਿੱਟਾਂ ਅਤੇ ਸ਼ੋ੍ਰਮਣੀ ਕਮੇਟੀ ਵਲੋਂ ਦੋਸ਼ੀ ਦੀ ਪਹਿਚਾਣ ਦੱਸਣ ਵਾਲੇ ਨੂੰ ਪੰਜ ਲੱਖ ਦਾ ਇਨਾਮ ਦੇਣ ਦਾ ਐਲਾਨ ਕਰਨ ਦੇ ਬਾਵਜੂਦ ਅੱਜ ਤੱਕ ਦੋਸ਼ੀ ਦੀ ਸ਼ਨਾਖਤ ਨਹੀਂ ਹੋ ਸਕੀ | ਜ਼ਿਕਰਯੋਗ ਹੈ ਕਿ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਵਿਅਕਤੀ, ਜਿਸ ਨੂੰ ਰੋਹ ਵਿਚ ਆਏ ਸ਼ਰਧਾਲੂਆਂ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਦੀ ਪਛਾਣ ਕਰਨ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਉਸ ਵੇਲੇ ਦੀ ਸੂਬਾ ਸਰਕਾਰ ਵਲੋਂ ਡੀ.ਸੀ.ਪੀ. ਪੁਲਿਸ ਦੀ ਅਗਵਾਈ ਵਿਚ ਇੱਕ ਵਿਸ਼ੇਸ਼ ਸਿੱਟ ਦਾ ਗਠਨ ਕੀਤਾ ਗਿਆ ਸੀ, ਜਦੋਂ ਕਿ ਸ਼ੋ੍ਰਮਣੀ ਕਮੇਟੀ ਵਲੋਂ ਵੀ ਇਸ ਮਾਮਲੇ ਦੀ ਆਪਣੇ ਪੱਧਰ 'ਤੇ ਜਾਂਚ ਕਰਨ ਲਈ ਇੱਕ 6 ਮੈਂਬਰੀ ਸਿੱਟ ਬਣਾਈ ਗਈ ਸੀ | ਸ਼ੋ੍ਰਮਣੀ ਕਮੇਟੀ ਵਲੋਂ ਉਕਤ ਦੋਸ਼ੀ ਵਿਅਕਤੀ ਜਾਂ ਉਸਦੇ ਪਰਿਵਾਰਕ ਮੈਂਬਰਾਂ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਸੀ ਪਰ ਚਾਰ ਸਾਲ ਬੀਤ ਜਾਣ ਬਾਅਦ ਵੀ ਨਾ ਤਾਂ ਕੋਈ ਇਨਾਮ ਲੈਣ ਆਇਆ ਤੇ ਨਾ ਹੀ ਉਕਤ ਦੋਸ਼ੀ ਦੀ ਕੋਈ ਪਛਾਣ ਹੋ ਸਕੀ ਹੈ |