ਮੂੰਗਫਲੀ 1000, ਰੇਵੜੀ 500, ਚਿਲਗ਼ੋਜ਼ਾ 8000 ਤੇ ਕਾਲੇ ਛੋਲੇ 600 'ਚ ਮਿਲ ਰਹੇ ਪ੍ਰਤੀ ਕਿਲੋ
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ 'ਚ ਆਮ ਬੋਲ-ਚਾਲ ਦੌਰਾਨ 'ਗ਼ਰੀਬਾਂ ਦੇ ਬਦਾਮ' ਕਹਿ ਕੇ ਸੰਬੋਧਿਤ ਕੀਤੀ ਜਾਣ ਵਾਲੀ ਮੂੰਗਫਲੀ ਖਾਣਾ ਪਾਕਿ 'ਚ ਅਮੀਰਾਂ ਦਾ ਸ਼ੌਕ ਬਣ ਚੁੱਕਿਆ ਹੈ। ਸਰਦੀਆਂ ਦੇ ਮੌਸਮ 'ਚ ਲਗਭਗ ਹਰ ਘਰ 'ਚ ਖਾਧੀ ਜਾਣ ਵਾਲੀ ਮੂੰਗਫਲੀ ਖ਼ਰੀਦਣਾ ਆਮ ਪਾਕਿਸਤਾਨੀਆਂ ਲਈ ਮੁਸ਼ਕਲ ਹੋ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ਦੇ ਵੱਖ-ਵੱਖ ਸ਼ਹਿਰਾਂ 'ਚ ਮੂੰਗਫਲੀ ਅਤੇ ਹੋਰਨਾਂ ਡਰਾਈ ਫਰੂਟ ਦੇ ਭਾਅ 'ਚ ਲਗਭਗ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਲਾਹੌਰ ਤੋਂ ਬਾਬਰ ਜਲੰਧਰੀ ਨੇ ਇਸ ਬਾਰੇ 'ਚ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਾਲ ਖੁੱਲ੍ਹੀ ਮੰਡੀ 'ਚ ਮੂੰਗਫਲੀ 1000 ਰੁਪਏ ਪ੍ਰਤੀ ਕਿੱਲੋ, ਕਾਲੇ ਛੋਲੇ 600 ਰੁਪਏ, ਸਾਧਾਰਨ ਸਖ਼ਤ ਅਖਰੋਟ 1000 ਰੁਪਏ, ਚਿਲਗ਼ੋਜ਼ਾ 8000 ਰੁਪਏ, ਕਾਜੂ 3000 ਰੁਪਏ, ਪਿਸਤਾ 3600 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਹਨ। ਇਸੇ ਤਰ੍ਹਾਂ ਦੇਸੀ ਮੇਵਾ 1400 ਰੁਪਏ ਪ੍ਰਤੀ ਕਿੱਲੋ, ਅਫ਼ਗਾਨ ਮੇਵਾ 1700 ਰੁਪਏ, ਈਰਾਨੀ ਬਦਾਮ 2800 ਰੁਪਏ, ਅਮਰੀਕੀ ਬਦਾਮ 4000 ਰੁਪਏ, ਸੁੱਕੀ ਖ਼ੁਰਮਾਨੀ 2400 ਰੁਪਏ, ਮਖਾਣਾ 800 ਰੁਪਏ, ਮੁਨੱਕਾ 900 ਰੁਪਏ, ਆਲੂ ਬੁਖ਼ਾਰਾ 1100 ਰੁਪਏ, ਰੇਵੜੀ 500 ਰੁਪਏ ਪ੍ਰਤੀ ਕਿੱਲੋ ਮਿਲ ਰਹੀ ਹੈ।
ਪਾਕਿ 'ਚ ਮੂੰਗਫਲੀ ਖਾਣਾ ਬਣਿਆ ਅਮੀਰਾਂ ਦਾ ਸ਼ੌਕ
ਅਜੀਤ ਡੈਸਕ
19-12-2025