ਅੰਮਿ੍ਤਸਰ, 18 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਦਿਨੋ-ਦਿਨ ਵੱਧ ਰਹੇ ਅੱਤਿਆਚਾਰਾਂ ਦੇ ਮੱਦੇਨਜ਼ਰ ਪਿਛਲੇ ਸਿਰਫ਼ 5 ਦਿਨਾਂ ਵਿਚ 7 ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਏ ਜਾਣ ਦੇ ਮਾਮਲੇ ਸਾਹਮਣੇ ਆਏ ਹਨ | ਪੁਲਿਸ ਨੇ ਅਜੇ ਤਕ ਕਿਸੇ ਵੀ ਦੋਸ਼ੀ ਨੂੰ ਗਿ੍ਫ਼ਤਾਰ ਨਹੀਂ ਕੀਤਾ ਹੈ | ਤਾਜ਼ਾ ਮਾਮਲਿਆਂ ਦੇ ਚੱਲਦਿਆਂ ਸੂਬਾ ਸਿੰਧ ਦੇ ਸੰਗਰ 'ਚ 16 ਸਾਲਾਂ ਸੋਨੀਆ ਕੋਲਹੀ, ਮੀਰਪੁਰ ਖ਼ਾਸ ਸ਼ਹਿਰ ਤੋਂ ਮੀਨਾ ਕੋਲਹੀ, ਕਰਾਚੀ ਸ਼ਹਿਰ ਦੇ ਸ਼ੇਰਸ਼ਾਹ ਸਥਿਤ ਸਿੰਧੀ ਮੁਹੱਲੇ 'ਚੋਂ ਰਾਣੀ ਦੇਵੀ ਅਤੇ ਉਸ ਦੀ ਧੀ, ਉਮਰਕੋਟ ਤੋਂ ਸਨਮ ਮੇਘਵਾਰ, ਮਾਇਆ ਪੁੱਤਰੀ ਬਾਗੂ ਕੋਲਹੀ ਅਤੇ 15 ਸਾਲਾਂ ਗੂੰਗੀ-ਬੋਲੀ ਹਿੰਦੂ ਲੜਕੀ ਦਾ ਧਰਮ ਪਰਿਵਰਤਨ ਕਰਵਾ ਕੇ ਉਨ੍ਹਾਂ ਦਾ ਜ਼ਬਰਦਸਤੀ ਮੁਸਲਿਮ ਵਿਅਕਤੀਆਂ ਨਾਲ ਨਿਕਾਹ ਪੜ੍ਹਾਇਆ ਗਿਆ ਹੈ | ਉਕਤ ਤੋਂ ਇਲਾਵਾ ਸੂਬਾ ਸਿੰਧ ਦੇ ਹੈਦਰਾਬਾਦ ਸ਼ਹਿਰ 'ਚ ਪਿੰਡ ਸਾਦਿਕ ਮਲਾਹ ਦੇ ਨੇੜੇ ਹੋਸਰੀ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੇ ਖੇਤਰ ਦੇ ਇਕ ਪ੍ਰਭਾਵਸ਼ਾਲੀ ਵਿਅਕਤੀ ਦੁਆਰਾ ਹਿੰਦੂ ਮੰਦਰ ਨੂੰ ਢਾਹੇ ਜਾਣ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ |
ਪਾਕਿ 'ਚ 5 ਦਿਨਾਂ 'ਚ 7 ਹਿੰਦੂ ਕੁੜੀਆਂ ਦਾ ਧਰਮ ਪਰਿਵਰਤਨ <br/>
ਅਜੀਤ ਡੈਸਕ
19-12-2025