ਨਵੀਂ ਦਿੱਲੀ, 18 ਦਸੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਨੇਤਾ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਨੇ ਵੀਰਵਾਰ ਨੂੰ ਸੜਕੀ ਆਵਾਜਾਈ ਬਾਰੇ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰ ਕੇ ਆਪਣੇ ਲੋਕ ਸਭਾ ਹਲਕੇ ਦੇ ਵਿਕਾਸ ਪ੍ਰਾਜੈਕਟਾਂ 'ਤੇ ਚਰਚਾ ਕੀਤੀ | ਇਸ ਦੌਰਾਨ ਨਾ ਸਿਰਫ਼ ਦੋਵਾਂ ਨੇਤਾਵਾਂ 'ਚ ਹਲਕੀ-ਫੁਲਕੀ ਗੱਲਬਾਤ ਹੋਈ ਸਗੋਂ ਗਡਕਰੀ ਨੇ ਆਪਣੇ ਹੱਥੀਂ ਬਣਾਈ ਡਿਸ਼ ਵੀ ਖੁਆਈ | ਪਿ੍ਅੰਕਾ ਗਾਂਧੀ ਨੇ ਵਾਇਨਾਡ ਦੇ 6 ਮੁੱਖ ਸੜਕ ਪ੍ਰਾਜੈਕਟਾਂ ਦਾ ਪ੍ਰਸਤਾਵ ਰੱਖਦਿਆਂ, ਇਸ ਨਾਲ ਖੇਤਰ ਵਾਸੀਆਂ ਨੂੰ ਹੋਣ ਵਾਲੀਆਂ ਦਿੱਕਤਾਂ ਦਾ ਵੀ ਜ਼ਿਕਰ ਕੀਤਾ | ਗ਼ਡਕਰੀ ਨੇ ਆਪਣੇ ਅੰਦਾਜ਼ 'ਚ ਮਜ਼ਾਕ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨਾਲ ਵੀ ਅਮੇਠੀ ਦੀਆਂ ਸੜਕਾਂ ਬਾਰੇ ਚਰਚਾ ਹੋਈ ਸੀ | ਰਾਹੁਲ ਦਾ ਕੰਮ ਕਰ ਦਿੱਤਾ ਸੀ, ਹੁਣ ਤੁਹਾਡਾ ਕਿਹਾ ਕੰਮ ਨਹੀਂ ਕਰਾਂਗਾ ਤਾਂ ਲੋਕ ਕਹਿਣਗੇ ਭਰਾ ਦੇ ਕਹਿਣ 'ਤੇ ਕੰਮ ਕਰ ਦਿੱਤਾ ਤੇ ਭੈਣ ਦੇ ਕਹਿਣ 'ਤੇ ਨਹੀਂ | ਗ਼ਡਕਰੀ ਦੇ ਏਨਾ ਕਹਿੰਦਿਆਂ ਹੀ ਉਥੇ ਹਾਜ਼ਰ ਸਾਰੇ ਲੋਕ ਹੱਸਣ ਲੱਗ ਪਏ | ਗਡਕਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਵਲੋਂ ਲਿਆਂਦੇ ਪ੍ਰਾਜੈਕਟਾਂ 'ਚੋਂ ਕੁਝ ਰਾਜ ਸਰਕਾਰ ਦੇ ਅਧੀਨ ਆਉਂਦੇ ਹਨ ਜਿਸ 'ਤੇ ਪਿ੍ਅੰਕਾ ਗਾਂਧੀ ਨੇ ਵੀ ਮੁਸਕਰਾਉਂਦਿਆਂ ਕਿਹਾ ਕਿ ਜਦੋਂ ਕੇਰਲ 'ਚ ਸਾਡੀ ਸਰਕਾਰ ਆਏਗੀ ਤਾਂ ਅਸੀਂ ਇਸ ਨੂੰ ਵੇਖ ਲਵਾਂਗੇ | ਗਡਕਰੀ ਨੇ ਪਿ੍ਅੰਕਾ ਗਾਂਧੀ ਨੂੰ ਆਪਣੀ ਹੱਥੀਂ ਇਕ ਡਿਸ਼ ਵੀ ਖੁਆਈ ਜੋ ਉਨ੍ਹਾਂ ਨੇ ਯੂ-ਟਿਊਬ ਤੋਂ ਵੇਖ ਕੇ ਬਣਾਈ ਸੀ |
ਪਿ੍ਅੰਕਾ ਗਾਂਧੀ ਨੇ ਸੰਸਦ ਭਵਨ 'ਚ ਕੀਤੀ ਗਡਕਰੀ ਨਾਲ ਮੁਲਾਕਾਤ <br/>
ਅਜੀਤ ਡੈਸਕ
19-12-2025