ਨਵੀਂ ਦਿੱਲੀ, 18 ਦਸੰਬਰ (ਪੀ. ਟੀ. ਆਈ.)-ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਜ਼ਿਆਦਾਤਰ ਸੜਕ ਹਾਦਸੇ ਉਨ੍ਹਾਂ ਲੋਕਾਂ ਦੇ ਵਿਵਹਾਰ ਨਾਲ ਜੁੜੇ ਹੋਏ ਹਨ, ਜੋ ਅਕਸਰ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਰਦੇ ਹਨ | ਲੋਕ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਕੇਂਦਰੀ ਮੰਤਰੀ ਨੇ ਦੱਸਿਆ ਕਿ ਹਰ ਸਾਲ ਕਰੀਬ 5 ਲੱਖ ਸੜਕ ਹਾਦਸੇ ਵਾਪਰਦੇ ਹਨ ਅਤੇ 1.80 ਲੱਖ ਜਾਨਾਂ ਜਾਂਦੀਆਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਨੌਜਵਾਨ ਹੁੰਦੇ ਹਨ | ਉਨ੍ਹਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਸੰਸਦ ਮੈਂਬਰਾਂ ਤੋਂ ਸੁਝਾਅ ਲੈਣ ਲਈ ਸੜਕ ਸੁਰੱਖਿਆ ਉਪਾਵਾਂ 'ਤੇ ਇੱਕ ਵੱਖਰੀ ਚਰਚਾ ਕਰਨ ਦੀ ਅਪੀਲ ਕੀਤੀ | ਭਾਜਪਾ ਸੰਸਦ ਮੈਂਬਰ ਮੁਕੇਸ਼ ਕੁਮਾਰ ਚੰਦਰਕਾਂਤ ਦਲਾਲ ਵਲੋਂ ਸੜਕ ਸੁਰੱਖਿਆ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਚ ਗਡਕਰੀ ਨੇ ਕਿਹਾ ਕਿ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ 'ਚ 66 ਪ੍ਰਤੀਸ਼ਤ 18-34 ਸਾਲ ਦੀ ਉਮਰ ਵਰਗ ਦੇ ਲੋਕ ਸ਼ਾਮਿਲ ਹੁੰਦੇ ਹਨ | ਉਨ੍ਹਾਂ ਕਿਹਾ ਕਿ ਭਾਵੇਂ ਮੰਤਰਾਲਾ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਅਤੇ ਸੰਵੇਦਨਸ਼ੀਲ ਬਣਾਉਣ ਲਈ ਮੁਹਿੰਮਾਂ ਚਲਾ ਰਿਹਾ ਹੈ, ਪਰ ਬਹੁਤਾ ਸੁਧਾਰ ਨਹੀਂ ਹੋ ਰਿਹਾ ਹੈ | ਉਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਲੋਕਾਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਆਪਣੇ ਹਲਕਿਆਂ 'ਚ ਸੜਕ ਸੁਰੱਖਿਆ ਪ੍ਰੋਗਰਾਮ ਸ਼ੁਰੂ ਕਰਨ ਲਈ ਕਿਹਾ | ਕੇਂਦਰੀ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਇੱਕ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਇੱਕ ਵਿਅਕਤੀ ਜੋ ਕਿਸੇ ਵੀ ਸੜਕ ਹਾਦਸੇ ਦੇ ਪੀੜਤ ਨੂੰ ਹਸਪਤਾਲ ਲੈ ਜਾਂਦਾ ਹੈ, ਉਸ ਨੂੰ 25,000 ਰੁਪਏ ਦਿੱਤੇ ਜਾਣਗੇ ਅਤੇ ਉਸ ਨੂੰ 'ਰਾਹ-ਵੀਰ' ਕਿਹਾ ਜਾਵੇਗਾ | ਇਸ ਤੋਂ ਇਲਾਵਾ ਸਰਕਾਰ ਸੜਕ ਹਾਦਸੇ ਦੇ ਪੀੜਤਾਂ ਦੇ 7 ਦਿਨਾਂ ਦੇ ਇਲਾਜ ਲਈ ਹਸਪਤਾਲ ਨੂੰ 1.50 ਲੱਖ ਰੁਪਏ ਤੱਕ ਦੀ ਅਦਾਇਗੀ ਕਰੇਗੀ | ਉਨ੍ਹਾਂ ਦੱਸਿਆ ਕਿ ਸਰਕਾਰ ਨੇ 7,000 ਬਲੈਕਸਪੋਟਸ ਨਿਰਧਾਰਤ ਕੀਤੇ ਹਨ ਅਤੇ ਇਸ ਲਈ 40,000 ਕਰੋੜ ਰੁਪਏ ਜਾਰੀ ਕੀਤੇ ਹਨ | ਸਰਕਾਰ ਦੁਆਰਾ ਬਲੈਕਸਪੋਟਸ ਦੀ ਪਛਾਣ ਸੰਬੰਧਿਤ ਰਾਜ ਸਰਕਾਰਾਂ ਤੋਂ ਪ੍ਰਾਪਤ ਦੁਰਘਟਨਾਵਾਂ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ |
ਜ਼ਿਆਦਾਤਰ ਸੜਕ ਹਾਦਸੇ ਨਿਯਮਾਂ ਦੀ ਅਣਦੇਖੀ ਕਾਰਨ ਵਾਪਰਦੇ ਹਨ-ਗਡਕਰੀ <br/>
ਅਜੀਤ ਡੈਸਕ
19-12-2025