ਚੰਡੀਗੜ੍ਹ, 20 ਦਸੰਬਰ (ਅਜਾਇਬ ਸਿੰਘ ਔਜਲਾ)-ਕਿਸਾਨ ਮਜ਼ਦੂਰ ਮੋਰਚਾ ਵਲੋਂ ਬਿਜਲੀ ਸੋਧ ਬਿੱਲ ਖ਼ਿਲਾਫ਼ ਚੱਲਦੇ ਸੰਘਰਸ਼ ਦੌਰਾਨ ਚੰਡੀਗੜ੍ਹ ਵਿਚ ਮੋਰਚੇ ਦੇ ਆਗੂਆਂ ਅਤੇ ਸਰਕਾਰ ਦਰਮਿਆਨ ਤਕਰੀਬਨ 9 ਘੰਟੇ ਚੱਲੀ ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਲੰਬੀ ਚੁੱਪ ਤੋੜੀ ਗਈ ਅਤੇ ਮੁੱਖ ਮੰਤਰੀ ਪੰਜਾਬ ਵਲੋਂ ਬਿਜਲੀ ਸੋਧ ਬਿੱਲ ਦਾ ਸਰਕਾਰ ਦੇ ਪੱਧਰ 'ਤੇ ਵਿਰੋਧ ਕਰਨ ਦਾ ਬਿਆਨ ਦਿੱਤਾ ਗਿਆ ਹੈ, ਜਿਸ ਕਰਕੇ 20 ਦਸੰਬਰ ਤੋਂ ਪੰਜਾਬ ਵਿਚ ਰੇਲ ਰੋਕੋ ਅੰਦੋਲਨ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ | ਇਹ ਪ੍ਰਗਟਾਵਾ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਸਾਨ ਮਜ਼ਦੂਰ ਮੋਰਚੇ ਦੇ ਪ੍ਰਮੁੱਖ ਆਗੂ ਸਰਵਣ ਸਿੰਘ ਪੰਧੇਰ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚੰਡੀਗੜ੍ਹ ਵਿਚ ਕਿਸਾਨ ਮਜ਼ਦੂਰ ਮੋਰਚਾ ਨਾਲ ਰੱਖੀ ਮੀਟਿੰਗ ਜਿਸ ਵਿਚ ਐਸ. ਪੀ. ਐਸ. ਪਰਮਾਰ ਆਈ. ਪੀ. ਐਸ. ਲਾਅ ਐਂਡ ਆਰਡਰ, ਅਰਸ਼ਦੀਪ ਸਿੰਘ ਥਿੰਦ ਆਈ.ਏ.ਐਸ. ਪ੍ਰਬੰਧਕੀ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ, ਬਸੰਤ ਗਰਗ ਆਈ.ਏ.ਐਸ. ਪ੍ਰਬੰਧਕੀ ਸਕੱਤਰ ਪਾਵਰ, ਸਨਾਲੀ ਗਿਰੀ ਆਈ.ਏ.ਐਸ. ਸਕੱਤਰ ਰੈਵੀਨਿਊ ਅਤੇ ਪੁਨਰਵਾਸ ਸਰਕਾਰ ਵਲੋਂ ਹਾਜ਼ਰ ਹੋਏ | ਕੇ. ਐਮ. ਐਮ ਦੇ ਆਗੂਆਂ ਕਿਹਾ ਕਿ ਮੁੱਖ ਮੰਤਰੀ ਦਾ ਬਿਆਨ ਬਹੁਤ ਦੇਰ ਨਾਲ ਚੱਕਿਆ ਗਿਆ, ਸਹੀ ਦਿਸ਼ਾ ਵੱਲ, ਪਹਿਲਾ ਕਦਮ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੱਦੇ ਗਏ ਵਿਧਾਨ ਸਭਾ ਇਜਲਾਸ ਵਿਚ ਇਸ ਬਿੱਲ ਖ਼ਿਲਾਫ਼ ਮਤਾ ਪਾਸ ਕਰੇ | ਉਨ੍ਹਾਂ ਦੱਸਿਆ ਕਿ ਸ਼ੰਭੂ ਅਤੇ ਖਨੌਰੀ ਮੋਰਚਿਆਂ ਤੇ ਪੰਜਾਬ ਸਰਕਾਰ ਵਲੋਂ ਕੀਤੇ ਗਏ ਜਬਰ ਕਾਰਨ ਚੋਰੀ ਹੋਈਆਂ ਟਰਾਲੀਆਂ ਅਤੇ ਹੋਰ ਸਮਾਨ ਦੀ ਭਰਪਾਈ ਦੇ ਮਸਲੇ 'ਤੇ ਸਰਕਾਰ ਵਲੋਂ ਕਮੇਟੀ ਬਣਾਏ ਜਾਣ ਦੀ ਤਜਵੀਜ਼ 'ਤੇ ਸਹਿਮਤੀ ਬਣੀ ਪਰ ਕਮੇਟੀ ਮੈਂਬਰਾਂ ਦੇ ਨਾਮ ਤੇ ਮੋਰਚੇ ਦੇ ਆਗੂਆਂ ਵਲੋਂ ਇਤਰਾਜ਼ ਚੁੱਕੇ ਜਾਣ 'ਤੇ ਕਮੇਟੀ ਮੈਂਬਰਾਂ ਬਾਰੇ 22 ਦਸੰਬਰ ਸੋਮਵਾਰ ਨੂੰ ਫਿਰ ਤੋਂ ਸਰਕਾਰ ਅਤੇ ਕੇ.ਐਮ.ਐਮ ਦੇ ਆਗੂਆਂ ਦਰਮਿਆਨ ਤੈਅ ਹੋਈ ਮੀਟਿੰਗ ਵਿਚ ਚਰਚਾ ਹੋਵੇਗੀ | ਮੀਟਿੰਗ 'ਚ ਬਲਦੇਵ ਸਿੰਘ ਜੀਰਾ, ਮਨਜੀਤ ਸਿੰਘ ਰਾਏ, ਮਨਜੀਤ ਸਿੰਘ ਨਿਆਲ, ਬਲਵੰਤ ਸਿੰਘ ਬਹਿਰਾਮਕੇ, ਗੁਰਅਮਨੀਤ ਸਿੰਘ ਮਾਂਗਟ, ਦਿਲਬਾਗ ਸਿੰਘ ਗਿੱਲ, ਧਿਆਨ ਸਿੰਘ ਸਿਉਣਾ, ਗੁਰਵਿੰਦਰ ਸਿੰਘ ਲਹਿਰਾ, ਬਲਕਾਰ ਸਿੰਘ ਬੈਂਸ, ਮਲਕੀਤ ਸਿੰਘ ਗੁਲਾਮੀਵਾਲਾ, ਓਕਾਰ ਸਿੰਘ ਪੁਰਾਣਾ ਭੰਗਾਲਾ, ਦਵਿੰਦਰ ਸਿੰਘ ਸੰਧਵਾਂ ਆਦਿ ਨੇ ਸ਼ਮੂਲੀਅਤ ਕੀਤੀ |
ਪੰਜਾਬ ਸਰਕਾਰ ਦੀ ਕਿਸਾਨ ਮਜ਼ਦੂਰ ਮੋਰਚਾ ਨਾਲ ਕੁਝ ਮੰਗਾਂ 'ਤੇ ਬਣੀ ਸਹਿਮਤੀ-ਰੇਲ ਰੋਕੋ ਪ੍ਰੋਗਰਾਮ ਮੁਲਤਵੀ <br/>
ਅਜੀਤ ਡੈਸਕ
21-12-2025