ਅਦਾਲਤ ਨੇ ਚਲ ਅਚੱਲ ਜਾਇਦਾਦ ਦੀ ਸੂਚੀ ਮੰਗੀ
ਪਟਿਆਲਾ, 20 ਦਸੰਬਰ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਦੀ ਸਥਾਨਕ ਅਦਾਲਤ ਨੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਹੈ | ਅਦਾਲਤ ਨੇ ਇਹ ਫ਼ੈਸਲਾ ਉਨ੍ਹਾਂ ਵਿਰੁੱਧ ਦਰਜ ਜਬਰ-ਜਨਾਹ ਦੇ ਮਾਮਲੇ ਵਿਚ ਲਗਾਤਾਰ ਅਦਾਲਤ ਅੱਗੇ ਪੇਸ਼ ਨਾ ਹੋਣ ਕਾਰਨ ਲਿਆ | ਅਦਾਲਤੀ ਰਿਕਾਰਡ ਮੁਤਾਬਿਕ ਮੁਲਜ਼ਮ ਖ਼ਿਲਾਫ਼ ਪਹਿਲਾਂ ਭਗੌੜਾ ਕਰਾਰ ਦੇਣ ਸੰਬੰਧੀ ਇਸ਼ਤਿਹਾਰ (ਪ੍ਰੋਕਲੇਮੇਸ਼ਨ) ਦੀ ਨਿਰਧਾਰਿਤ ਮਿਆਦ ਪੂਰੀ ਹੋ ਚੁੱਕੀ ਸੀ ਪਰ ਇਸ ਦੇ ਬਾਵਜੂਦ ਵਿਧਾਇਕ ਵਲੋਂ ਅਦਾਲਤ ਵਿਚ ਹਾਜ਼ਰੀ ਨਹੀਂ ਭਰੀ ਗਈ | ਇਸ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੰਦਿਆਂ ਪੁਲਿਸ ਅਤੇ ਸੰਬੰਧਿਤ ਵਿਭਾਗਾਂ ਨੂੰ ਹੁਕਮ ਦਿੱਤੇ ਹਨ ਕਿ ਮੁਲਜ਼ਮ ਦੀ ਚੱਲ ਅਤੇ ਅਚੱਲ ਜਾਇਦਾਦਾਂ ਦੀ ਪੂਰੀ ਸੂਚੀ ਤਿਆਰ ਕਰਕੇ ਅਦਾਲਤ ਵਿਚ ਪੇਸ਼ ਕੀਤੀ ਜਾਵੇ, ਤਾਂ ਜੋ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ | ਕੇਸ ਦੀ ਪਿਛੋਕੜ ਅਨੁਸਾਰ, ਸਤੰਬਰ 2025 ਵਿਚ ਪਟਿਆਲਾ ਦੇ ਸਿਵਲ ਲਾਈਨਜ਼ ਥਾਣੇ ਵਿਚ ਇਕ ਔਰਤ ਦੀ ਸ਼ਿਕਾਇਤ 'ਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖ਼ਿਲਾਫ਼ ਜਬਰ-ਜਨਾਹ, ਧੋਖਾਧੜੀ ਅਤੇ ਡਰਾਉਣ-ਧਮਕਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਨਿਯਤ ਕਰਦਿਆਂ ਕਾਨੂੰਨੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਸੰਕੇਤ ਦਿੱਤੇ ਹਨ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ |
'ਆਪ' ਵਿਧਾਇਕ ਪਠਾਣਮਾਜਰਾ ਜਬਰ ਜਨਾਹ ਮਾਮਲੇ 'ਚ ਭਗੌੜਾ ਕਰਾਰ <br/>
ਅਜੀਤ ਡੈਸਕ
21-12-2025