• ਚੌਟਾਲਾ ਹੁਰਾਂ ਦਾ ਜੀਵਨ 'ਰਾਜ ਨਹੀਂ, ਜਨਸੇਵਾ' ਨੂੰ ਸਮਰਪਿਤ ਸੀ-ਸੁਖਬੀਰ
• ਚੌਟਾਲਾ ਸਾਹਿਬ ਵਲੋਂ ਦਿਖਾਏ ਲੋਕਪੱਖੀ ਰਾਹ 'ਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ-ਅਭੈ ਚੌਟਾਲਾ
ਡੱਬਵਾਲੀ, 20 ਦਸੰਬਰ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਓਮ ਪ੍ਰਕਾਸ਼ ਚੌਟਾਲਾ ਦੀ ਪਹਿਲੀ ਬਰਸੀ ਮੌਕੇ ਅੱਜ ਤੇਜਾਖੇੜਾ ਫਾਰਮ ਹਾਊਸ ਵਿਖੇ ਸਰਬ ਧਰਮ ਸਭਾ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਹਜ਼ਾਰਾਂ ਲੋਕਾਂ ਨੇ ਆਪਣੇ ਮਹਿਬੂਬ ਨੇਤਾ ਨੂੰ ਸਿਜਦਾ ਕੀਤਾ | ਇਸ ਮੌਕੇ ਸਰਬ ਧਰਮ ਸਭਾ ਦੌਰਾਨ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀਆਂ ਵਲੋਂ ਸਵ. ਚੌਟਾਲਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਸੰਘਰਸ਼ਸ਼ੀਲ ਜੀਵਨ ਦੌਰਾਨ ਗਰੀਬਾਂ ਤੇ ਆਮ ਲੋਕਾਂ ਲਈ ਲੜਾਈ ਲੜੀ | ਉਨ੍ਹਾਂ ਦੇ ਜੀਵਨ ਦਾ ਮੁੱਖ ਉਦੇਸ਼ ਰਾਜ ਨਹੀਂ, ਸਗੋਂ ਆਮ ਲੋਕਾਂ ਦੀ ਸੇਵਾ ਸੀ | ਹੁਣ ਅਭੈ ਸਿੰਘ ਚੌਟਾਲਾ ਆਪਣੀ ਸੂਝਬੂਝ ਨਾਲ ਉਨ੍ਹਾਂ ਦੀ ਰਾਜਨੀਤਿਕ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ | ਇਨੈਲੋ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਉਨ੍ਹਾਂ ਨੂੰ ਇਕ ਸੰਵੇਦਨਸ਼ੀਲ ਅਤੇ ਦੂਰਦਰਸ਼ੀ ਨੇਤਾ ਦੱਸਿਆ | ਇਸ ਮੌਕੇ ਭਾਜਪਾ ਨੇਤਾ ਮਨਪ੍ਰੀਤ ਸਿੰਘ ਬਾਦਲ, ਸ਼ੇਰ ਸਿੰਘ ਬੜਸਾਮੀ ਨੇ ਕਿਹਾ ਕਿ ਚੌਟਾਲਾ ਸਾਹਿਬ ਨੇ ਮੁੱਖ ਮੰਤਰੀ ਹੁੰਦੇ ਸਮੇਂ 'ਸਰਕਾਰ ਤੁਹਾਡੇ ਦੁਆਰ' ਜਰੀਏ ਵਿਕਾਸ ਦੀ ਰਫ਼ਤਾਰ ਸੂਬੇ ਦੇ ਹਰ ਕੋਨੇ ਤੱਕ ਪਹੁੰਚਾਇਆ | ਸ਼ਰਧਾਂਜਲੀ ਸਮਾਰੋਹ 'ਚ ਸਾਬਕਾ ਵਿੱਤ ਮੰਤਰੀ ਪ੍ਰੋ. ਸੰਪਤ ਸਿੰਘ, ਇਨੈਲੋ ਦੇ ਸੂਬਾ ਪ੍ਰਧਾਨ ਰਾਮਪਾਲ ਮਾਜਰਾ, ਵਿਧਾਇਕ ਅਦਿੱਤਿਆ ਦੇਵੀਲਾਲ, ਅਕਾਲੀ ਦਲ ਦੇ ਕੌਮੀ ਰਾਸ਼ਟਰੀ ਮੀਤ ਪ੍ਰਧਾਨ ਤੇਜਿੰਦਰ ਮਿੱਡੂਖੇੜਾ, ਸ਼ੇਰ ਸਿੰਘ ਬੜਸਾਮੀ, ਪੰਡਿਤ ਵਾਸੁਦੇਵ ਸ਼ਰਮਾ, ਜ਼ਿਲ੍ਹਾ ਪਰਿਸ਼ਦ ਸਿਰਸਾ ਦੇ ਚੇਅਰਮੈਨ ਕਰਨ ਚੌਟਾਲਾ, ਰਾਣੀਆਂ ਦੇ ਵਿਧਾਇਕ ਅਰਜੁਨ ਚੌਟਾਲਾ, ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ, ਜ਼ਿਲ੍ਹਾ ਪ੍ਰਧਾਨ ਜਸਵੀਰ ਜੱਸਾ, ਮੀਨੂੰ ਬਰਾੜ, ਇਨੈਲੋ ਸ਼ਹਿਰੀ ਸੰਯੋਜਕ ਸੰਦੀਪ ਗਰਗ, ਨਗਰ ਪਰਿਸ਼ਦ ਦੇ ਚੇਅਰਮੈਨ ਟੇਕ ਚੰਦ ਛਾਬੜਾ ਵੀ ਮੌਜੂਦ ਸਨ | ਇਸ ਦੌਰਾਨ ਸਾਬਕਾ ਮੁੱਖ ਮੰਤਰੀ ਦੀ ਛੋਟੀ ਭੈਣ ਸ਼ਾਂਤੀ ਦੇਵੀ ਅੱਜ ਵੱਡੇ ਭਰਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |
ਸੰਗਮਰਮਰ ਨਾਲ ਬਣਾਈ 'ਸਮਾਧੀ'
ਤੇਜਾਖੇੜਾ ਫਾਰਮ ਹਾਊਸ 'ਚ ਸਵ. ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੀ ਧਰਮਪਤਨੀ ਸਨੇਹਲਤਾ ਦੀ ਯਾਦ 'ਚ ਸਫੈਦ ਸੰਗਮਰਮਰ ਦੀ ਸਮਾਧੀ ਬਣਾਈ ਗਈ ਹੈ | ਇਸੇ ਜਗ੍ਹਾ 'ਤੇ ਪਿਛਲੇ ਸਾਲ ਸ੍ਰੀ ਚੌਟਾਲਾ ਦਾ ਅੰਤਿਮ ਸੰਸਕਾਰ ਹੋਇਆ ਸੀ | ਇਸ ਦੀ ਸੁੰਦਰਤਾ ਵਧਾਉਣ ਲਈ ਚਹੁੰ ਪਾਸੇ ਰਾਜਸਥਾਨੀ ਪੱਥਰ ਦੀ ਜਾਲੀਦਾਰ ਦੀਵਾਰ ਬਣਾਈ ਗਈ ਹੈ | ਬਰਸੀ ਮੌਕੇ ਮੌਕੇ ਦੋਵੇਂ ਸਮਾਧੀਆਂ ਨੂੰ ਲਾਲ ਫੁੱਲਾਂ ਨਾਲ ਸਜਾਇਆ ਗਿਆ ਸੀ |
ਪਹਿਲੀ ਬਰਸੀ ਮੌਕੇ ਓਮ ਪ੍ਰਕਾਸ਼ ਚੌਟਾਲਾ ਨੂੰ ਹਜ਼ਾਰਾਂ ਲੋਕਾਂ ਵਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ <br/>
ਅਜੀਤ ਡੈਸਕ
21-12-2025