ਚੰਡੀਗੜ੍ਹ/ਅੰਮਿ੍ਤਸਰ, 25 ਦਸੰਬਰ (ਸੰਦੀਪ ਕੁਮਾਰ ਮਾਹਨਾ, ਹਰਮਿੰਦਰ ਸਿੰਘ)-ਪੰਜਾਬ ਅਤੇ ਚੰਡੀਗੜ੍ਹ 'ਚ ਸਿਆਲ ਨੇ ਪੂਰਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ | ਸੂਬੇ ਦੇ ਕਈ ਹਿੱਸਿਆਂ 'ਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਕਾਫ਼ੀ ਘੱਟ ਦਰਜ ਕੀਤੀ ਗਈ | ਇਸ ਨਾਲ ਕੌਮੀ ਰਾਜਮਾਰਗਾਂ ਸਮੇਤ ਕਈ ਮੁੱਖ ਸੜਕਾਂ 'ਤੇ ਵਾਹਨਾਂ ਦੀ ਰਫ਼ਤਾਰ ਕਾਫ਼ੀ ਹੱਦ ਤੱਕ ਪ੍ਰਭਾਵਿਤ ਰਹੀ ਅਤੇ ਵਾਹਨ ਚਾਲਕਾਂ ਨੂੰ ਵਾਹਨ ਰੇਂਗ ਕੇ ਚਲਾਉਣੇ ਪਏ | ਸ਼ੀਤ ਲਹਿਰ ਦਾ ਸਭ ਤੋਂ ਵੱਧ ਅਸਰ ਫ਼ਰੀਦਕੋਟ ਅਤੇ ਗੁਰਦਾਸਪੁਰ ਵਿਖੇ ਨਜ਼ਰ ਆਇਆ, ਜਦਕਿ ਜਲੰਧਰ, ਮੁਹਾਲੀ ਅਤੇ ਚੰਡੀਗੜ੍ਹ 'ਚ ਧੁੰਦ ਨੇ ਸਵੇਰੇ ਦੀ ਆਵਾਜਾਈ ਨੂੰ ਅÏਖਾ ਬਣਾ ਦਿੱਤਾ | ਮੌਸਮ ਵਿਭਾਗ ਵਲੋਂ ਪੰਜਾਬ 'ਚ ਠੰਢ ਅਤੇ ਧੁੰਦ ਨੂੰ ਲੈ ਕੇ 'ਓਰੇਂਜ ਅਲਰਟ' ਜਾਰੀ ਕੀਤਾ ਗਿਆ ਹੈ, ਹਾਲਾਂਕਿ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ | ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਘੱਟੋ ਘੱਟ ਤਾਪਮਾਨ 'ਚ ਲਗਭਗ 1.5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ | ਸੂਬੇ ਵਿਚ ਸਭ ਤੋਂ ਠੰਢਾ ਫ਼ਰੀਦਕੋਟ ਰਿਹਾ, ਜਿਥੇ ਵੀਰਵਾਰ ਨੂੰ ਘੱਟੋ ਘੱਟ ਤਾਪਮਾਨ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਜਦੋਂਕਿ ਅੰਮਿ੍ਤਸਰ 'ਚ ਪਾਰਾ 5.7 ਡਿਗਰੀ ਸੈਲਸੀਅਸ, ਲੁਧਿਆਣਾ ਅਤੇ ਪਟਿਆਲਾ 'ਚ 6.4 ਡਿਗਰੀ, ਗੁਰਦਾਸਪੁਰ 'ਚ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਚੰਡੀਗੜ੍ਹ 'ਚ ਘੱਟੋ ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਹਰਿਆਣਾ ਦੇ ਅੰਬਾਲਾ 'ਚ 7.9 ਡਿਗਰੀ, ਹਿਸਾਰ 'ਚ 5.6 ਡਿਗਰੀ, ਕਰਨਾਲ 'ਚ 6.8 ਡਿਗਰੀ, ਨਾਰਨੌਲ 'ਚ 5 ਡਿਗਰੀ ਅਤੇ ਰੋਹਤਕ 'ਚ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮੌਸਮ ਵਿਭਾਗ ਮੁਤਾਬਿਕ ਆਦਮਪੁਰ, ਪਠਾਨਕੋਟ, ਹਰਿਆਣਾ ਅਤੇ ਚੰਡੀਗੜ੍ਹ 'ਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ 100 ਮੀਟਰ ਤੋਂ ਵੀ ਘੱਟ ਰਹੀ | ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ 'ਚ ਵੀ ਕੋਹਰੇ ਦਾ ਅਲਰਟ ਜਾਰੀ ਕਰਦਿਆਂ 28 ਅਤੇ 30 ਦਸੰਬਰ ਨੂੰ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਹੈ, ਜਿਸ ਨਾਲ ਪਹਾੜੀ ਇਲਾਕਿਆਂ 'ਚ ਠੰਢ ਹੋਰ ਵਧਣ ਦੀ ਆਸ ਹੈ | ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਅਗਲੇ ਦੋ ਦਿਨਾਂ 'ਚ ਹੇਠਲਾ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਹੋਰ ਘੱਟ ਸਕਦਾ ਹੈ | ਅਗਲੇ 7 ਦਿਨ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹੇਗਾ | 27 ਦਸੰਬਰ ਤੋਂ ਪੱਛਮੀ ਵਿਘਟਨ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਤਾਪਮਾਨ ਵਿਚ ਹਲਕਾ ਵਾਧਾ ਹੋ ਸਕਦਾ ਹੈ |