ਪੰਜਾਬ 'ਚ ਗਰਾਮ ਸਭਾਵਾਂ ਵਲੋਂ ਨਵੀਂ ਮਨਰੇਗਾ ਯੋਜਨਾ ਅਪਣਾਉਣ ਲਈ ਵਿਸ਼ੇਸ਼ ਮੀਟਿੰਗਾਂ ਸੰਬੰਧੀ ਸਥਿਤੀ ਅਸਪੱਸ਼ਟ <br/>
ਅਜੀਤ ਡੈਸਕ
26-12-2025
ਚੰਡੀਗੜ੍ਹ, 25 ਦਸੰਬਰ-ਕੇਂਦਰ ਵਲੋਂ ਦੇਸ਼ ਦੇ ਸੂਬਿਆਂ ਨੂੰ ਨਵੀਂ ਮਨਰੇਗਾ ਯੋਜਨਾ 'ਜੀ ਰਾਮ ਜੀ' ਨੂੰ ਅਪਨਾਉਣ ਸੰਬੰਧੀ ਗਰਾਮ ਸਭਾਵਾਂ ਦੀਆਂ ਮੀਟਿੰਗਾਂ ਵਿਚ 26 ਦਸੰਬਰ ਨੂੰ ਮਤੇ ਪਾਸ ਕਰਵਾ ਕੇ ਕੇਂਦਰ ਸਰਕਾਰ ਦੀ ਵੈੱਬਸਾਈਟ 'ਤੇ ਪਾਉਣ ਅਤੇ ਗਰਾਮ ਸਭਾਵਾਂ ਨੂੰ ਨਵੀਂ ਯੋਜਨਾ ਸੰਬੰਧੀ ਸਭਾਵਾਂ ਨੂੰ ਜਾਣਕਾਰੀ ਦੇਣ ਸੰਬੰਧੀ ਆਦੇਸ਼ਾਂ ਦਾ ਪੰਜਾਬ ਸਰਕਾਰ ਵਲੋਂ ਕੋਈ ਨੋਟਿਸ ਨਹੀਂ ਲਿਆ ਜਾ ਰਿਹਾ | ਰਾਜ ਦੇ ਪੰਚਾਇਤ ਵਿਭਾਗ ਵਲੋਂ ਇਸ ਸੰਬੰਧੀ ਅੱਗੋਂ ਕੋਈ ਹੁਕਮ ਜਾਰੀ ਨਹੀਂ ਕੀਤੇ ਗਏ ਕਿਉਂਕਿ ਸੂਬਾ ਸਰਕਾਰ ਪਹਿਲਾਂ ਹੀ ਨਵੇਂ ਰੂਪ ਵਿਚ ਜਾਰੀ ਕੀਤੀ ਗਈ ਇਸ ਯੋਜਨਾ ਦਾ ਵਿਰੋਧ ਕਰਨ ਦਾ ਫ਼ੈਸਲਾ ਲੈ ਚੁੱਕੀ ਹੈ ਅਤੇ ਇਸ ਮੰਤਵ ਨਾਲ ਪੰਜਾਬ ਵਿਧਾਨ ਸਭਾ ਦਾ ਇਕ ਦਿਨਾਂ ਵਿਸ਼ੇਸ਼ ਇਜਲਾਸ ਵੀ 30 ਦਸੰਬਰ ਨੂੰ ਸੱਦ ਲਿਆ ਗਿਆ ਹੈ | ਰਾਜ ਸਰਕਾਰ ਨੂੰ ਮੁੱਖ ਤੌਰ 'ਤੇ ਇਤਰਾਜ਼ ਹੈ ਕਿ ਇਸ ਯੋਜਨਾ ਵਿਚ ਰਾਜ ਦੀ ਵਿੱਤੀ ਹਿੱਸੇਦਾਰੀ 10 ਪ੍ਰਤੀਸ਼ਤ ਤੋਂ ਵਧਾ ਕੇ 40 ਪ੍ਰਤੀਸ਼ਤ ਕਰ ਦਿੱਤੀ ਗਈ ਹੈ ਅਤੇ ਇਸ ਯੋਜਨਾ ਹੇਠ ਹੋਣ ਵਾਲੇ ਕੰਮਾਂ ਵਿਚ ਕੀਤੀਆਂ ਗਈਆਂ ਤਬਦੀਲੀਆਂ ਸੂਬੇ ਲਈ ਨੁਕਸਾਨਦੇਹ ਹਨ | ਸੰਭਵ ਹੈ ਕਿ ਗੈਰ-ਭਾਜਪਾ ਸਰਕਾਰਾਂ ਵਾਲੇ ਦੂਜੇ ਰਾਜ ਵੀ ਪੰਜਾਬ ਵਾਂਗ ਕੇਂਦਰ ਦੇ ਉਕਤ ਪੱਤਰ 'ਤੇ ਅਮਲ ਨਾ ਕਰਨ ਕਿਉਂਕਿ ਉਨ੍ਹਾਂ ਵਲੋਂ ਵੀ ਮਨਰੇਗਾ ਯੋਜਨਾ ਦੇ ਬਦਲੇ ਹੋਏ ਰੂਪ ਦਾ ਵਿਰੋਧ ਹੋ ਰਿਹਾ ਹੈ | ਇਸ ਤਰ੍ਹਾਂ 'ਵੀਰ ਬਾਲ ਦਿਵਸ' ਮਨਾਉਣ ਸੰਬੰਧੀ ਵੀ ਕੇਂਦਰ ਵਲੋਂ ਰਾਜ ਸਰਕਾਰ ਨੂੰ ਜੋ ਪੱਤਰ ਲਿਖਿਆ ਗਿਆ ਹੈ ਜਿਸ ਵਿਚ ਬਾਲ ਦਿਵਸ ਮਨਾਉਣ ਅਤੇ ਸਕੂਲੀ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਦੱਸਣ ਤੋਂ ਇਲਾਵਾ ਦਿੱਲੀ ਵਿਖੇ ਕੌਮੀ ਪੱਧਰ 'ਤੇ ਹੋਣ ਵਾਲੇ ਇਕ ਪ੍ਰੋਗਰਾਮ ਦਾ ਪ੍ਰਸਾਰਨ ਦੇਸ਼ ਦੇ ਸਾਰੇ ਸਕੂਲਾਂ ਤਕ ਪਹੁੰਚਾਉਣ ਅਤੇ ਸਕੂਲੀ ਬੱਚਿਆਂ ਨੂੰ ਵਿਖਾਉਣ ਲਈ ਇਕ ਿਲੰਕ ਵੀ ਭੇਜਿਆ ਗਿਆ ਹੈ, ਉਸ ਸੰਬੰਧੀ ਵੀ ਪੰਜਾਬ ਸਰਕਾਰ ਖ਼ਾਮੋਸ਼ ਹੈ ਕਿਉਂਕਿ ਪੰਜਾਬ ਤੋਂ ਕੇਂਦਰ ਵਲੋਂ ਦਿੱਤੇ ਗਏ 'ਵੀਰ ਬਾਲ ਦਿਵਸ' ਦੇ ਨਾਮ ਵਿਰੋਧ ਹੋ ਰਿਹਾ ਹੈ | ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਇਸ ਦਿਵਸ ਦਾ ਨਾਮ ਬਦਲਣ ਸੰਬੰਧੀ ਵੀ ਕੇਂਦਰ ਨੂੰ ਲਿਖ ਚੁੱਕੇ ਹਨ | ਕੇਂਦਰ ਇਸ ਮਸਲੇ 'ਤੇ ਕੀ ਫ਼ੈਸਲਾ ਲਵੇਗਾ ਅਜੇ ਸਪੱਸ਼ਟ ਨਹੀਂ ਹੈ ਪਰ ਕਈ ਸਿੱਖ ਜਥੇਬੰਦੀਆਂ ਅਤੇ ਅਕਾਲੀ ਦਲ ਲਗਾਤਾਰ ਨਾਮ ਬਦਲਣ ਦੀ ਮੰਗ ਕਰ ਰਿਹਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਇਸ ਸੰਬੰਧੀ ਆਦੇਸ਼ ਜਾਰੀ ਕਰ ਚੁੱਕੇ ਹਨ | ਪੰਜਾਬ 'ਚ ਭਾਜਪਾ ਵਲੋਂ ਕੱਲ੍ਹ ਇਹ ਦਿਵਸ ਜ਼ਰੂਰ ਮਨਾਇਆ ਜਾਵੇਗਾ, ਹਾਲਾਂਕਿ ਅੱਜ ਭਾਜਪਾ ਦੇ ਬੁਲਾਰੇ ਪਿ੍ਤਪਾਲ ਸਿੰਘ ਬੱਲੀਏਵਾਲ ਵਲੋਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ 2019 ਦੇ ਜਾਰੀ ਕੀਤੇ ਟਵੀਟ ਵੀ ਪੇਸ਼ ਕੀਤੇ ਗਏ ਜਿਸ 'ਚ ਸ੍ਰੀਮਤੀ ਬਾਦਲ ਵਲੋਂ 'ਬਾਲ ਦਿਵਸ' ਸ਼ਬਦ ਦੀ ਹੀ ਵਰਤੋਂ ਕੀਤੀ ਗਈ ਸੀ, ਜਿਸ ਦਾ ਹੁਣ ਉਹ ਵਿਰੋਧ ਕਰ ਰਹੇ ਹਨ ਪ੍ਰੰਤੂ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਭਾਜਪਾ ਵਲੋਂ ਇਨ੍ਹਾਂ ਮਹਾਨ ਸ਼ਹਾਦਤਾਂ ਨੂੰ ਦੇਸ਼ ਭਰ 'ਚ ਪ੍ਰਚਾਰਨ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਹ ਜ਼ਰੂਰ ਸ਼ਲਾਘਾਯੋਗ ਹੈ | ਪੰਜਾਬ ਰਾਜ ਭਵਨ ਵਿਖੇ ਕੱਲ੍ਹ ਸ਼ਾਮ ਇਕ ਕੀਰਤਨ ਦਰਬਾਰ ਕਰਵਾਇਆ ਜ਼ਰੂਰ ਗਿਆ ਹੈ, ਜਿਸ 'ਚ ਸਪੀਕਰ ਵਿਧਾਨ ਸਭਾ ਸਮੇਤ ਪੰਜਾਬ ਸਰਕਾਰ ਦੇ ਨੁਮਾਇੰਦੇ ਪੁੱਜਣ ਦੀ ਆਸ ਹੈ | ਇਹ ਸਮਾਗਮ ਸ਼ਹੀਦੀ ਜੋੜ ਮੇਲ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ | ਪੰਜਾਬ ਸਰਕਾਰ 'ਵੀਰ ਬਾਲ ਦਿਵਸ' ਦੇ ਨਾਮ 'ਤੇ ਵਿਵਾਦ ਖੜ੍ਹਾ ਹੋਣ ਕਾਰਨ ਕੇਂਦਰ ਸਰਕਾਰ ਦੇ ਆਦੇਸ਼ਾਂ ਸੰਬੰਧੀ ਖ਼ਾਮੋਸ਼ੀ ਰੱਖ ਰਹੀ ਹੈ |