ਚੰਡੀਗੜ੍ਹ, 27 ਦਸੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਸਾਲ 2027 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਆਪੋ-ਆਪਣੇ ਤਰੀਕੇ ਰਣਨੀਤੀ ਬਣਾਉਣ 'ਤੇ ਲੱਗ ਗਈਆਂ ਹਨ | ਕੁੱਲ ਹਿੰਦ ਕਾਂਗਰਸ ਵਲੋਂ ਵੀ ਪੰਜਾਬ 'ਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ | ਉੱਚ ਪੱਧਰੀ ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦਿੱਲੀ ਵਿਖੇ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਏਜੰਡੇ ਤੋਂ ਬਾਅਦ ਪੰਜਾਬ ਕਾਂਗਰਸ ਬਾਰੇ ਵੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਕਾਂਗਰਸ 'ਚ ਵੱਡੀ ਤਬਦੀਲੀ ਦੇ ਸੰਕੇਤ ਦਿੱਤੇ ਗਏ ਹਨ ਅਤੇ ਤਬਦੀਲੀ ਚੜ੍ਹਦੇ ਸਾਲ ਜਨਵਰੀ ਮਹੀਨੇ ਵਿਚ ਕੀਤੀ ਜਾ ਸਕਦੀ ਹੈ | ਦੱਸਿਆ ਜਾ ਰਿਹਾ ਕਿ ਇਸ ਤੋਂ ਪਹਿਲਾਂ ਹਾਈਕਮਾਨ ਵਲੋਂ ਪੰਜਾਬ 'ਚ ਆਪਣੇ ਅਬਜ਼ਰਵਰਾਂ ਰਾਹੀਂ ਪੰਜਾਬ ਕਾਂਗਰਸ ਦੀ ਸਥਿਤੀ ਆਗੂਆਂ ਦੀ ਗੁੱਟਬਾਜ਼ੀ ਅਤੇ ਮੌਜੂਦਾ ਸਿਆਸੀ ਹਾਲਾਤ ਨੂੰ ਲੈ ਕੇ ਹਲਕੇ ਵਾਰ ਇਕ ਸਰਵੇਖਣ ਵੀ ਕਰਵਾਇਆ ਗਿਆ ਸੀ ਅਤੇ ਉਸੇ ਸਰਵੇਖਣ ਦੇ ਆਧਾਰ 'ਤੇ ਹੁਣ ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਉੱਪਰਲੀ ਕਤਾਰ ਦੇ ਵੱਡੇ ਆਗੂਆਂ ਦੀ ਤਬਦੀਲੀ ਕਰਨ 'ਤੇ ਵਿਚਾਰਾਂ ਕਰਨ 'ਤੇ ਲੱਗ ਗਈ ਹੈ | ਦੱਸਿਆ ਜਾ ਰਿਹਾ ਕਿ ਕੁਝ ਸੀਨੀਅਰ ਟਕਸਾਲੀ ਕਾਂਗਰਸੀ ਆਗੂਆਂ ਨੇ ਹਾਈ ਕਮਾਨ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਮੌਜੂਦਾ ਲੀਡਰਸ਼ਿਪ 'ਚ ਤਬਦੀਲੀ ਕਰਨੀ ਚਾਹੀਦੀ ਹੈ | ਦੱਸਿਆ ਜਾ ਰਿਹਾ ਕਿ ਇਸੇ ਦੌਰਾਨ ਇਸ ਗੱਲ 'ਤੇ ਚਰਚਾ ਵੀ ਹੋਈ ਕਿ ਪੰਜਾਬ ਵਿਚ ਕਿਹੜੀ ਪਾਰਟੀ ਦਾ ਆਧਾਰ ਮਜ਼ਬੂਤ ਹੋ ਰਿਹਾ ਹੈ ਅਤੇ ਕਿਸ ਪਾਰਟੀ ਦਾ ਗਰਾਫ਼ ਹੇਠਾਂ ਡਿੱਗ ਰਿਹਾ ਹੈ | ਇਕ ਸੀਨੀਅਰ ਟਕਸਾਲੀ ਆਗੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਈ ਅਜਿਹੇ ਪਾਰਟੀ ਦੇ ਸੀਨੀਅਰ ਆਗੂ ਜੋ ਫ਼ਿਲਹਾਲ ਹਾਸ਼ੀਏ 'ਤੇ ਕੰਮ ਕਰ ਰਹੇ ਹਨ ਨੂੰ ਹਾਈਕਮਾਨ ਵਲੋਂ ਇਸ ਤਬਦੀਲੀ ਦੌਰਾਨ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਅਤੇ ਮੌਜੂਦਾ ਸਮੇਂ 'ਚ ਵੱਡੀ ਜ਼ਿੰਮੇਵਾਰੀਆਂ 'ਤੇ ਬੈਠੇ ਆਗੂਆਂ ਨੂੰ ਹਾਸ਼ੀਏ 'ਤੇ ਲਿਆਂਦਾ ਜਾ ਸਕਦਾ ਹੈ | ਦੱਸਿਆ ਜਾ ਰਿਹਾ ਕਿ ਇਸ ਤਬਦੀਲੀ ਨੂੰ ਲੈ ਕੇ ਕਾਂਗਰਸ ਦੇ ਯੁਵਰਾਜ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ੁਦ ਰਣਨੀਤੀ ਤਿਆਰ ਕਰ ਰਹੇ ਹਨ, ਜਿਸ ਵਿਚ ਪੰਜਾਬ ਵਿਚਲੇ ਵੋਟ ਬੈਂਕ ਨੂੰ ਦੇਖਦੇ ਹੋਏ ਫ਼ੈਸਲਾ ਲਿਆ ਜਾਵੇਗਾ | ਹਮੇਸ਼ਾ ਤੋਂ ਕਾਂਗਰਸ ਦਾ ਵੋਟ ਬੈਂਕ ਦਲਿਤ ਵਰਗ ਨੂੰ ਮੰਨਿਆ ਜਾਂਦਾ ਰਿਹਾ ਹੈ ਪਰ ਇਸ ਤਬਦੀਲੀ ਦੌਰਾਨ ਹਿੰਦੂ, ਸਿੱਖ ਅਤੇ ਦਲਿਤ ਵੋਟ ਬੈਂਕ ਨੂੰ ਧਿਆਨ ਵਿਚ ਰੱਖ ਕੇ ਰਣਨੀਤੀ ਬਣਾਈ ਜਾਵੇਗੀ |