ਫ਼ਾਜ਼ਿਲਕਾ, 27 ਦਸੰਬਰ (ਦਵਿੰਦਰ ਪਾਲ ਸਿੰਘ)-ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਫ਼ਾਜ਼ਿਲਕਾ ਨੇ ਸੀਮਾ ਸੁਰੱਖਿਆ ਬਲ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਨਸ਼ਾ ਤਸਕਰ ਨੂੰ 5.11 ਕਿੱਲੋ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਇਹ ਜਾਣਕਾਰੀ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਵਾਸੀ ਪਿੰਡ ਢਾਂਡੀ ਕਦੀਮ, ਜਲਾਲਾਬਾਦ, ਫ਼ਾਜ਼ਿਲਕਾ ਵਜੋਂ ਹੋਈ ਹੈ | ਇਸ ਅਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ ਐਸ.ਐਸ.ਓ.ਸੀ ਫ਼ਾਜ਼ਿਲਕਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਖ਼ਾਸ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ, ਐਸ.ਐਸ.ਓ.ਸੀ ਫ਼ਾਜ਼ਿਲਕਾ ਦੀ ਪੁਲਿਸ ਟੀਮ ਨੇ ਬੀ.ਐਸ.ਐਫ ਨਾਲ ਮਿਲ ਕੇ ਜਲਾਲਾਬਾਦ ਖੇਤਰ ਵਿਚ ਵਿਸ਼ੇਸ਼ ਗੁਪਤ ਅਪਰੇਸ਼ਨ ਚਲਾਇਆ | ਇਸ ਅਪਰੇਸ਼ਨ ਦੌਰਾਨ ਸ਼ੱਕੀ ਵਿਅਕਤੀ ਨੂੰ ਫ਼ਾਜ਼ਿਲਕਾ ਦੇ ਪਿੰਡ ਢਾਂਡੀ ਕਦੀਮ ਦੇ ਖੇਤਰ ਤੋਂ ਗਿ੍ਫ਼ਤਾਰ ਕੀਤਾ ਗਿਆ ਅਤੇ ਉਸ ਦੀ ਨਿੱਜੀ ਤਲਾਸ਼ੀ ਦੌਰਾਨ ਉਸ ਕੋਲੋਂ 5.11 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ | ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ |