ਮੋਗਾ, 1 ਜੂਨ (ਗੁਰਤੇਜ ਸਿੰਘ ਬੱਬੀ)-ਬੀਤੀ ਦੇਰ ਸ਼ਾਮ ਮੋਗਾ ਸ਼ਹਿਰ ਦੇ ਉੱਘੇ ਵਿਅਕਤੀ ਅਤੇ ਸਾਬਕਾ ਕੌਂਸਲਰ ਵਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਸ਼ੋਤਮ ਪੁਰੀ (62) ਸਾਬਕਾ ਕੌਂਸਲਰ ਪੁੱਤਰ ਜਗਦੀਸ਼ ਪੁਰੀ, ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਕਿ ਪ੍ਰਸ਼ੋਤਮ ਪੁਰੀ ਉੱਪਰ ਕਈ ਤਰ੍ਹਾਂ ਦੇ ਝੂਠੇ ਮੁਕੱਦਮੇ ਦਰਜ ਸਨ ਤੇ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਉਹ ਅਕਸਰ ਪ੍ਰੇਸ਼ਾਨ ਰਹਿੰਦੇ ਸਨ | ਉਸੇ ਪ੍ਰੇਸ਼ਾਨੀ ਦੇ ਚਲਦਿਆਂ ਬੀਤੀ ਦੇਰ ਸ਼ਾਮ ਉਨ੍ਹਾਂ ਨੇ ਆਪਣੇ ਘਰ 'ਚ ਆਪਣੀ 12 ਬੋਰ ਦੀ ਲਾਇਸੰਸੀ ਰਾਈਫ਼ਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ | ਫਿਲਹਾਲ ਥਾਣਾ ਸਿਟੀ ਸਾਊਥ ਦੇ ਮੁੱਖ ਅਫ਼ਸਰ ਇੰਸਪੈਕਟਰ ਵਰੁਣ ਕੁਮਾਰ ਨੇ ਮਿ੍ਤਕ ਪ੍ਰਸ਼ੋਤਮ ਪੁਰੀ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰਿਤ ਸਿਵਲ ਹਸਪਤਾਲ ਮੋਗਾ ਤੋਂ ਡਾਕਟਰਾਂ ਦੇ ਪੈਨਲ ਹੇਠ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ | ਇਸ ਘਟਨਾ ਨਾਲ ਸਮੁੱਚੇ ਮੋਗਾ ਸ਼ਹਿਰ ਅੰਦਰ ਸੋਗ ਦੀ ਲਹਿਰ ਛਾਈ ਹੋਈ ਹੈ ਤੇ ਕਰੀਬ ਸ਼ਾਮ ਵੇਲੇ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ |