ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਆਗੂਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਵਲੋਂ ਪਿੰਡ ਜਿਉਂਦ ਦੇ ਮੁਜ਼ਾਰਿਆਂ ਦੀਆਂ ਜ਼ਮੀਨਾਂ ਖੋਹਣ ਦੀਆਂ ਕੋਸ਼ਿਸ਼ਾਂ ਪਿਛਲੇ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਹਨ | ਕਿਸਾਨ 100 ਸਾਲ ਤੋਂ ਵੀ ਵੱਧ ਸਮੇਂ ਤੋਂ ਜ਼ਮੀਨਾਂ ਵਾਹ ਰਹੇ ਹਨ | ਗਿਰਦਾਵਰੀਆਂ ਵੀ ਉਨ੍ਹਾਂ ਦੇ ਨਾਂਅ 'ਤੇ ਹਨ | ਮਾਲ ਵਿਭਾਗ ਪੰਜਾਬ ਸਰਕਾਰ ਨੇ 4 ਜੁਲਾਈ 1988 ਨੂੰ ਡੀ.ਸੀ. ਬਠਿੰਡਾ ਨੂੰ ਤੇ ਐਸ.ਡੀ.ਐਮ. ਨੇ ਮਿਤੀ 20 ਦਸੰਬਰ 1988 ਨੂੰ ਤਹਿਸੀਲਦਾਰ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਮੁਜ਼ਾਰੇ ਕਿਸਾਨਾਂ ਨੂੰ ਸਾਰੀ ਜ਼ਮੀਨ ਦੇ ਮਾਲਕ ਨਾਮਜ਼ਦ ਕੀਤਾ ਜਾਵੇ ਪਰ ਜਗੀਰਦਾਰ ਚੌਧਰੀਆਂ ਦੀ ਚੌਧਰ ਦੇ ਕਾਰਨ ਤਹਿਸੀਲਦਾਰ ਨੇ ਹੁਕਮ ਲਾਗੂ ਨਹੀਂ ਕੀਤੇ | ਹੁਣ ਭਗਵੰਤ ਮਾਨ ਦੀ ਸਰਕਾਰ ਧੱਕੇ ਨਾਲ ਉਨ੍ਹਾਂ ਦੀਆਂ ਜ਼ਮੀਨਾਂ ਖੋਹ ਕੇ ਜਗੀਰਦਾਰਾਂ ਨੂੰ ਦੇਣਾ ਚਾਹੁੰਦੀ ਹੈ | ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਜੋ ਪਿੰਡ ਜਿਉਂਦ ਵਿਖੇ ਪਿਛਲੇ ਸਮੇਂ ਤੋਂ ਸੰਘਰਸ਼ ਚੱਲਦਾ ਆ ਰਿਹਾ ਹੈ, ਉਸ ਸਬੰਧ ਵਿਚ ਮੋਗਾ ਜ਼ਿਲ੍ਹਾ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਉਸ ਸੰਘਰਸ਼ ਵਿਚ ਮੋਗਾ ਜ਼ਿਲ੍ਹੇ ਵਿਚੋਂ ਰੋਜ਼ਾਨਾ ਕਿਸਾਨਾਂ ਦੇ ਜਥੇ ਜਾਇਆ ਕਰਨਗੇ | ਭਗਵੰਤ ਮਾਨ ਦੀ ਸਰਕਾਰ ਵਲੋਂ ਜੋ ਲੁਧਿਆਣਾ ਜ਼ਿਲ੍ਹੇ ਵਿਚੋਂ 24311 ਏਕੜ ਜ਼ਮੀਨ ਅਕਵਾਇਰ ਕਰਨ ਦਾ ਫ਼ੈਸਲਾ ਕੀਤਾ ਹੈ, ਜਥੇਬੰਦੀ ਸਰਕਾਰ ਦੇ ਇਸ ਫ਼ੈਸਲੇ ਦੀ ਨਿਖੇਧੀ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਇਹ ਫ਼ੈਸਲੇ ਨੂੰ ਵਾਪਸ ਲਿਆ ਜਾਵੇ | ਮੀਟਿੰਗ ਵਿਚ ਗੁਰਮੀਤ ਸਿੰਘ ਕਿਸ਼ਨਪੁਰਾ, ਕੁਲਦੀਪ ਕੌਰ, ਕਰਮਜੀਤ ਕੌਰ ਹਿੰਮਤਪੁਰਾ, ਬਲੌਰ ਸਿੰਘ ਘੱਲ ਕਲਾਂ, ਇਕਬਾਲ ਸਿੰਘ ਸਿੰਘਾਂਵਾਲਾ, ਕਪਤਾਨ ਸਿੰਘ ਦੁੱਨੇਕੇ, ਸੁਰਜੀਤ ਸਿੰਘ ਦੁੱਨੇਕੇ, ਬੂਟਾ ਸਿੰਘ ਭਾਗੀਕੇ, ਕੇਵਲ ਕ੍ਰਿਸ਼ਨ ਬੱਧਨੀ ਤੇ ਕਾਕਾ ਸਿੰਘ ਮਾਛੀਕੇ ਆਦਿ ਹਾਜ਼ਰ ਸਨ |