ਕੋਟ ਈਸੇ ਖਾਂ, 1 ਜੂਨ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਗੁਰਦੁਆਰਾ ਭਾਈ ਲਾਲੋ ਜੀ ਦੇ ਮੁੱਖ ਗ੍ਰੰਥੀ ਭਾਈ ਬਲਵਿੰਦਰ ਸਿੰਘ ਦੇ ਨੌਜਵਾਨ ਛੋਟੇ ਬੇਟੇ ਜਗਜੀਤ ਸਿੰਘ ਜੋ ਬੀਤੇ ਦਿਨੀਂ ਪ੍ਰਮਾਤਮਾ ਦੇ ਭਾਣੇ ਅਨੁਸਾਰ ਆਪਣੇ ਸਵਾਸ ਪੂਰੇ ਕਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਦੀ ਯਾਦ ਵਿਚ ਸਥਾਨਕ ਰਾਮ ਬਾਗ ਵਿਖੇ ਸਵ: ਜਗਜੀਤ ਸਿੰਘ ਦੇ ਕਰੀਬੀਆਂ ਤੇ ਪਰਿਵਾਰਕ ਮੈਂਬਰਾਂ ਵਲੋਂ ਬੂਟੇ ਲਗਾਏ ਗਏ | ਇਸ ਮੌਕੇ ਲੇਖਕ ਬੂਟਾ ਸਿੰਘ ਗ਼ੁਲਾਮੀ ਵਾਲਾ, ਕੌਂਸਲਰ ਸੁੱਚਾ ਸਿੰਘ ਪੁਰਬਾ, ਸਮਾਜ ਸੇਵੀ ਬਲਜੀਤ ਸਿੰਘ ਬਿੱਟੂ, ਗੁਰਮੀਤ ਸਿੰਘ ਚੀਮਾ, ਸੋਨੂੰ ਬਾਵਾ ਆਦਿ ਨੇ ਬੂਟੇ ਲਗਾਉਣ ਸਮੇਂ ਕਿਹਾ ਕਿ ਆਪਣਿਆਂ ਦੀਆਂ ਯਾਦਾਂ ਹੋਣ ਜਾਂ ਕੁਦਰਤ ਵਲੋਂ ਸਾਜੇ ਵਾਤਾਵਰਨ ਦੀ ਸੰਭਾਲ ਦੀ ਗੱਲ ਹੋਵੇ, ਬੂਟੇ ਲਗਾਉਣ 'ਤੇ ਉਨ੍ਹਾਂ ਦੀ ਜ਼ਿੰਮੇਵਾਰੀ ਨਾਲ ਸੰਭਾਲ ਕਰ ਕੇ ਆਪਣੇ ਮਨ ਨੂੰ ਸਕੂਨ ਮਿਲਦਾ ਹੈ | ਇਸ ਮੌਕੇ ਸਵ: ਜਗਜੀਤ ਸਿੰਘ ਦੇ ਭਰਾ ਬਲਜੀਤ ਸਿੰਘ ਲਾਡੀ ਤੇ ਸਾਕ ਸੰਬੰਧੀ ਬਲਵੀਰ ਸਿੰਘ ਤਲਵਾੜਾ, ਦਵਿੰਦਰ ਸਿੰਘ ਭੁੱਲਰ, ਕਰਨ ਸਿੰਘ, ਗੁਰਰਾਜ ਸਿੰਘ ਰਾਜਾ ਆਦਿ ਨੇ ਕਿਹਾ ਕਿ ਆਪਣਿਆਂ ਦਾ ਘਾਟਾ ਤਾਂ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਇਹ ਬੂਟਾ ਲਗਾਉਣ ਨਾਲ ਜਗਜੀਤ ਸਿੰਘ ਦੀ ਯਾਦ ਹਮੇਸ਼ਾ ਸਾਡੇ ਦਿਲਾਂ 'ਚ ਤਾਜ਼ਾ ਰਹੇਗੀ |