ਠੱਠੀ ਭਾਈ, 3 ਜੂਨ (ਜਗਰੂਪ ਸਿੰਘ ਮਠਾੜੂ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਝੋਨੇ ਦੀ ਨਾਕਾਫੀ ਵਧਾਈ ਗਈ ਕੀਮਤ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਪੰਜਾਬ ਦੇ ਕਿਸਾਨ ਆਗੂਆਂ ਨੇ ਗੁੱਸੇ ਦਾ ਇਜ਼ਹਾਰ ਕਰਦਿਆਂ ਇਸ ਵਾਧੇ ਨੂੰ ਸਿਰਫ਼ ਝੋਨੇ 'ਚ ਨਮਕ ਦੇ ਦਾਣੇ ਵਰਗਾ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਵਾਧਾ ਕਿਸਾਨਾਂ ਦੀ ਹੌਸਲਾ ਅਫਜ਼ਾਈ ਨਹੀਂ, ਸਗੋਂ ਉਨ੍ਹਾਂ ਦੀ ਮਖੌਲ ਉਡਾਉਣ ਬਰਾਬਰ ਹੈ | ਪਿੰਡ ਮੱਲਕੇ ਦੇ ਸਰਪੰਚ ਜਸਵਿੰਦਰ ਸਿੰਘ ਰਾਜਾ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਨਾਲ ਮਤਰੇਈ ਮਾਂ ਵਰਗਾ ਵਤੀਰਾ ਅਪਣਾਉਂਦੀ ਆ ਰਹੀ ਹੈ | ਇਨ੍ਹਾਂ ਨੀਤੀਆਂ ਰਾਹੀਂ ਸਾਫ ਹੈ ਕਿ ਕੇਂਦਰ ਦੀ ਸੋਚ ਅਜੇ ਵੀ ਪੰਜਾਬ ਵਿਰੋਧੀ ਹੈ | ਮੰਡੀ ਮੌੜ ਨੌਂਆਬਾਦ ਦੇ ਆੜ੍ਹਤੀ ਗੁਰਤੇਜ ਸਿੰਘ ਮਾਨ ਨੇ ਵੀ ਸਰਕਾਰ ਦੀ ਨੀਤੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੈਟਰੋਲ, ਡੀਜ਼ਲ, ਖਾਦ ਅਤੇ ਮਜ਼ਦੂਰੀ ਦੀਆਂ ਲਾਗਤਾਂ ਲਗਾਤਾਰ ਵਧ ਰਹੀਆਂ ਹਨ ਪਰ ਝੋਨੇ ਦੀ ਐਮ.ਐਸ.ਪੀ. 'ਚ ਜੋ ਵਾਧਾ ਕੀਤਾ ਗਿਆ, ਉਹ ਕਿਸੇ ਵੀ ਤਰ੍ਹਾਂ ਕਾਫੀ ਨਹੀਂ |