ਮੋਗਾ, 3 ਜੂਨ (ਜਸਪਾਲ ਸਿੰਘ ਬੱਬੀ)-ਜ਼ਿਲੇ੍ਹ ਭਰ ਵਿਚ 'ਵਿਕਸਿਤ ਕਿ੍ਸ਼ੀ ਸੰਕਲਪ ਅਭਿਆਨ ਸਾਉਣੀ 2025' ਅਧੀਨ 15 ਦਿਨਾਂ ਲਈ ਕਿਸਾਨ ਜਾਗਰੂਕਤਾ ਪ੍ਰੋਗਰਾਮਾਂ ਦੀ ਸ਼ੁਰੂਆਤ ਡਾ. ਕਮਲਦੀਪ ਸਿੰਘ ਮਠਾੜੂ ਡਿਪਟੀ ਡਾਇਰੈਕਟਰ ਕਿ੍ਸ਼ੀ ਵਿਗਿਆਨ ਕੇਂਦਰ ਮੋਗਾ ਅਤੇ ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ ਦੇ ਸਹਿਯੋਗ ਨਾਲ 12 ਜੂਨ ਤੱਕ ਕੀਤੀ ਗਈ ਹੈ ਤਾਂ ਜੋ ਟਿਕਾਊ ਖੇਤੀ ਅਭਿਆਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ | ਇਸ ਅਭਿਆਨ ਅਧੀਨ ਕਿ੍ਸ਼ੀ ਵਿਗਿਆਨ ਕੇਂਦਰ ਦੇ ਸਾਇੰਸਦਾਨਾਂ ਅਤੇ ਮੁੱਖ ਖੇਤੀਬਾੜੀ ਦਫਤਰ ਦੇ ਵਿਸਥਾਰ ਅਫਸਰਾਂ ਦੀਆਂ 3 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਜ਼ਿਲੇ੍ਹ ਦੇ ਸਾਰੇ ਬਲਾਕਾਂ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਨਵੀਨਤਮ ਵਿਗਿਆਨਕ ਜਾਣਕਾਰੀ, ਖੇਤੀ ਸਾਹਿਤ ਅਤੇ ਭਵਿੱਖ ਵਿਚ ਪਸਾਰ ਗਤੀਵਿਧੀਆਂ ਨੂੰ ਬਿਹਤਰ ਬਣਾਉਣ ਲਈ ਕਿਸਾਨਾਂ ਦੇ ਸੁਝਾਵਾਂ ਨੂੰ ਇਕੱਠੇ ਕਰਨਗੀਆਂ | ਇਸੇ ਪ੍ਰੋਗਰਾਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ 3 ਜੂਨ ਨੂੰ ਨੱਥੂਵਾਲਾ ਗਰਬੀ, ਨਾਥੇਵਾਲਾ, ਭਲ਼ੂਰ, ਡੇਮਰੂ, ਹਰੀਏਵਾਲਾ, ਕੋਰੇਵਾਲਾ, ਮਾਹਲਾ ਕਲਾਂ, ਮਾਹਲਾ ਖੁਰਦ, ਵੱਡਾ ਘਰ ਵਿਖੇ 3 ਟੀਮਾਂ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਜਾਗਰੂਕਤਾ ਕੈਂਪਾਂ ਅਧੀਨ ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਕਿਸਾਨਾਂ ਲਈ ਉਪਲਬਧ ਸਰਕਾਰੀ ਯੋਜਨਾਵਾਂ ਅਤੇ ਸਬਸਿਡੀਆਂ, ਖਾਦ ਖੁਰਾਕਾਂ ਦੀ ਯੋਗ ਵਰਤੋਂ, ਮਿੱਟੀ ਅਤੇ ਪਾਣੀ ਸਾਂਭ-ਸੰਭਾਲ, ਜੈਵਿਕ ਖੇਤੀ, ਪਸ਼ੂਆਂ ਵਿਚ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣੂੰ ਕਰਵਾਇਆ ਗਿਆ |