ਮੋਗਾ, 1 ਸਤੰਬਰ (ਅਸ਼ੋਕ ਬਾਂਸਲ)-ਪੁਰਾਣੀ ਦਾਣਾ ਮੰਡੀ ਦੇ ਨੇੜੇ ਸੰਨ 1906 'ਚ ਬਣਿਆ ਗੇਟ, ਜੋ ਕਿ ਐਤਵਾਰ ਰਾਤ ਨੂੰ ਸ਼ੁਰੂ ਹੋਈ ਬਾਰਿਸ਼ ਕਾਰਨ ਡਿੱਗ ਗਿਆ | ਜਿਸ ਕਾਰਨ ਛੱਤ ਦਾ ਮਲਬਾ ਹੇਠਾਂ ਡਿੱਗ ਗਿਆ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ | ਜਾਣਕਾਰੀ ਅਨੁਸਾਰ ਐਤਵਾਰ ਰਾਤ ਅਤੇ ਸੋਮਵਾਰ ਸਵੇਰੇ ਸ਼ੁਰੂ ਹੋਈ ਬਾਰਸ਼ ਕਾਰਨ ਪੁਰਾਣੀ ਦਾਣਾ ਮੰਡੀ ਦੇ ਗੇਟ ਦੀ ਛੱਤ ਡਿੱਗ ਗਈ | ਜਿਸ ਕਾਰਨ ਰੇਲਵੇ ਰੋਡ ਅਤੇ ਪ੍ਰਤਾਪ ਰੋਡ, ਸਬਜ਼ੀ ਮੰਡੀ ਨੂੰ ਜਾਣ ਵਾਲੀ ਸੜਕ ਬੰਦ ਹੋ ਗਈ | ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ, ਵਾਰਡ ਨੰਬਰ 38 ਦੇ ਕੌਂਸਲਰ ਸਾਹਿਲ ਅਰੋੜਾ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਨਿਗਮ ਕਰਮਚਾਰੀਆਂ ਦੀ ਮਦਦ ਨਾਲ ਮਲਬੇ ਨੂੰ ਇਕ ਪਾਸੇ ਹਟਾਇਆ ਅਤੇ ਉਸ ਸੜਕ ਦਾ ਪ੍ਰਵੇਸ਼ ਅਤੇ ਨਿਕਾਸ ਬੰਦ ਕਰਵਾ ਦਿੱਤਾ | ਇਸ ਮੌਕੇ ਕੌਂਸਲਰ ਸਾਹਿਲ ਅਰੋੜਾ ਨੇ ਦੱਸਿਆ ਕਿ ਮੰਡੀ ਦੇ ਗੇਟ 'ਤੇ ਜਿੱਥੇ ਛੱਤ ਦਾ ਮਲਬਾ ਡਿੱਗਿਆ, ਉੱਥੇ ਗੇਟ ਦੇ ਹੇਠਾਂ ਬੈਠੇ ਦੋ ਮੋਚੀ ਮਜ਼ਦੂਰਾਂ ਦਾ ਨੁਕਸਾਨ ਹੋਇਆ, ਜਿਨ੍ਹਾਂ ਨੂੰ ਕੌਂਸਲਰ ਸਾਹਿਲ ਅਰੋੜਾ ਨੇ ਆਪਣੇ ਵਲੋਂ ਨੁਕਸਾਨ ਦੀ ਭਰਪਾਈ ਕਰਨ ਦਾ ਭਰੋਸਾ ਦਿੱਤਾ | ਕੌਂਸਲਰ ਸਾਹਿਲ ਅਰੋੜਾ ਨੇ ਕਿਹਾ ਕਿ ਇਸ ਗੇਟ ਦੀ ਮੁਰੰਮਤ ਜਲਦੀ ਹੀ ਕਰ ਦਿੱਤੀ ਜਾਵੇਗੀ |